ਲੁਧਿਆਣਾ: ਪੂਰੇ ਦੇਸ਼ ਦੇ ਵਿੱਚ ਦੁਸਹਿਰੇ (Dussehra) ਦਾ ਤਿਉਹਾਰ ਪੂਰੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਦੁਸਹਿਰੇ ਦੇ ਤਿਉਹਾਰ ਨੂੰ ਲੈਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਲੁਧਿਆਣਾ ਦੇ ਵਿੱਚ ਵੀ ਜਿੱਥੇ ਦੁਸਹਿਰੇ ਨੂੰ ਲੈਕੇ ਲੋਕਾਂ ਦਾ ਠਾਠਾਂ ਮਾਰਦਾ ਇਕੱਠਾ ਬਾਜ਼ਾਰਾਂ ਚ ਵਿਖਾਈ ਦੇ ਰਿਹਾ ਹੈ ਉੱਥੇ ਹੀ ਜਿੱਥੇ ਰਾਵਣ ਦਾ ਪੁਤਲਾ ਸਾੜਿਆ ਜਾਣਾ ਹੈ ਉੱਥੇ ਵੀ ਲੋਕਾਂ ਵੱਡੀ ਗਿਣਤੀ ਦੇ ਵਿੱਚ ਵੇਖਣ ਦੇ ਲਈ ਪਹੁੰਚ ਰਹੇ ਹਨ।
ਓਧਰ ਦੂਜੇ ਪਾਸੇ ਸ਼ਹਿਰ ਦੀ ਸੁਰੱਖਿਆ ਨੂੰ ਲੈਕੇ ਪੁਲਿਸ (Police) ਵੀ ਵੱਡੀ ਗਿਣਤੀ ਦੇ ਵਿੱਚ ਵਿਖਾਈ ਦੇ ਰਹੀ ਹੈ। ਸਾਰਾ ਸ਼ਹਿਰ ਇੱਕ ਤਰ੍ਹਾਂ ਨਾਲ ਪੁਲਿਸ ਛਾਉਣੀ ਵਿੱਚ ਤਬਦੀਲ ਹੋਇਆ ਵਿਖਾਈ ਦੇ ਰਿਹਾ ਹੈ ਤਾਂ ਕਿ ਕੋਈ ਸ਼ਰਾਰਤੀ ਅਨਸਰ ਕਿਸੇ ਘਟਨਾ ਨੂੰ ਅੰਜ਼ਾਮ ਨਾ ਦੇ ਸਕੇ। ਲੁਧਿਆਣਾ (Ludhiana) ਦੇ ਦਰੇਸੀ ਗਰਾਊਂਡ ਦੇ ਵਿੱਚ ਸੌ ਫੁੱਟ ਉੱਚਾ ਰਾਵਣ ਬਣਾਇਆ ਗਿਆ ਹੈ ਜਿਸਨੂੰ ਅੱਜ ਦਹਿਨ ਕਰ ਦਿੱਤਾ ਜਾਵੇਗਾ।
ਇਸ ਤੋਂ ਪਹਿਲਾਂ ਸੁਰੱਖਿਆ ਨੂੰ ਲੈ ਕੇ ਜ਼ਿਲ੍ਹੇ ਦੀ ਪੁਲਿਸ ਚੌਕਸ ਵਿਖਾਈ ਦੇ ਰਹੀ ਹੈ। ਲੁਧਿਆਣਾ ਭਰਦੇ ਵਿੱਚ ਦੋ ਹਜ਼ਾਰ ਦੇ ਕਰੀਬ ਮੁਲਾਜ਼ਮ ਤੈਨਾਤ ਕੀਤੇ ਗਏ ਜਦੋਂ ਕਿ 300 ਦੇ ਕਰੀਬ ਮੁਲਾਜ਼ਮਾਂ ਦੀ ਲੁਧਿਆਣਾ ਦੇ ਦਰੇਸੀ ਗਰਾਊਂਡ ‘ਚ ਤੈਨਾਤੀ ਕੀਤੀ ਗਈ ਹੈ।
ਇਸ ਸਬੰਧੀ ਸੀਨੀਅਰ ਅਫ਼ਸਰਾਂ ਵੱਲੋਂ ਵੀ ਲਗਾਤਾਰ ਪੈਟਰੋਲਿੰਗ ਕਰ ਕੇ ਇਲਾਕੇ ਦੇ ਵਿੱਚ ਗਸ਼ਤ ਲਾਈ ਜਾ ਰਹੀ ਹੈ ਇਸ ਤੋਂ ਇਲਾਵਾ ਜੇਕਰ ਦੁਸਹਿਰਾ ਗਰਾਊਂਡ ਦੀ ਗੱਲ ਕੀਤੀ ਜਾਵੇ ਤਾਂ ਸੀਸੀਟੀਵੀ ਕੈਮਰੇ ਵਿਸ਼ੇਸ਼ ਤੌਰ ‘ਤੇ ਲਗਾਏ ਗਏ ਹਨ।