ਲੁਧਿਆਣਾ :ਲੁਧਿਆਣਾ ਵਿਚ ਮਾਡਲ ਗ੍ਰਾਮ ਨੇੜੇ ਮਨੀ ਐਕਸਚੇਂਜਰ ਦੇ ਕਤਲ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ ਅਤੇ ਇਸ ਮਾਮਲੇ ਤੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ, ਜਿਨ੍ਹਾਂ ਦੇ ਵਿਚ ਇਕ ਮਹਿਲਾ ਵੀ ਸ਼ਾਮਿਲ ਹੈ। ਪੁਲਸ ਵੱਲੋਂ ਇਨ੍ਹਾਂ ਕੋਲੋਂ 34 ਲੱਖ 35 ਹਜ਼ਾਰ ਰੁਪਏ ਵੀ ਬਰਾਮਦ ਕਰ ਲਏ ਗਏ ਹਨ। ਮਹਿਲਾ ਦੀ ਸ਼ਨਾਖਤ ਕੁਲਦੀਪ ਕੌਰ ਵਜੋਂ ਹੋਈ ਹੈ, ਜਦਕਿ ਮਨਦੀਪ ਸਿੰਘ ਦੂਜਾ ਮੁਲਜ਼ਮ ਹੈ, ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਹਾਲੇ ਤੱਕ ਜਿਸ ਮੁਲਜ਼ਮ ਨੇ ਸੂਏ ਮਾਰ ਕੇ ਮਨਜੀਤ ਸਿੰਘ ਦਾ ਕਤਲ ਕੀਤਾ ਸੀ ਉਸ ਦੀ ਗ੍ਰਿਫਤਾਰੀ ਬਾਕੀ ਹੈ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਦਸਿਆ ਹੈ ਕਿ ਇਸ ਟੀਮ ਵੱਲੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਲਈ ਡੀਜੀ ਪੰਜਾਬ ਵੱਲੋਂ ਪੰਜ ਲੱਖ ਰੁਪਏ ਦਾ ਇਨਾਮ ਵੀ ਦਿੱਤਾ ਗਿਆ ਹੈ।
ਵਾਰਦਾਤ ਵਿੱਚ ਵਰਤੇ ਗਏ ਚੋਰੀ ਦੇ ਵਾਹਨ :ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮਨਜੀਤ ਸਿੰਘ ਲਗਭਗ ਅੱਧੇ ਘੰਟੇ ਤੱਕ ਸੜਕ ਉਤੇ ਤੜਫਦਾ ਰਿਹਾ, ਪਰ ਲੋਕਾਂ ਨੇ ਉਸ ਨੂੰ ਚੁੱਕਿਆ ਹੀ ਨਹੀਂ। ਉਨ੍ਹਾਂ ਇਹ ਵੀ ਦੱਸਿਆ ਕਿ 45 ਲੱਖ ਲੁਧਿਆਣਾ ਦੀ ਆਬਾਦੀ ਲਈ ਸਾਡੇ ਕੋਲ ਮਹਿਜ਼ 2200 ਮੁਲਾਜ਼ਮ ਹਨ। ਅਸੀਂ ਬੜੀ ਮਿਹਨਤ ਨਾਲ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਵਾਹਨ ਵਰਤੇ ਗਏ ਸਨ, ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਉਹ ਦੋਵੇਂ ਹੀ ਚੋਰੀ ਦੇ ਸਨ ਅਤੇ ਕੁਲਦੀਪ ਕੌਰ ਕਾਰ ਉਤੇ ਵੱਖਰੀ ਆ ਰਹੀ ਸੀ, ਜਿਸ ਨੇ ਇਹਨਾਂ ਨੂੰ ਅੱਗੇ ਕਾਰ ਵਿੱਚ ਬਿਠਾ ਕੇ ਲੈ ਜਾਣਾ ਸੀ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਲੁਧਿਆਣਾ ਵਾਸੀਆਂ ਨੂੰ ਵੀ ਉਨ੍ਹਾਂ ਦੀ ਅਪੀਲ ਹੈ ਕਿ ਜੇਕਰ ਕੋਈ ਅਜਿਹਾ ਹਾਦਸਾ ਹੁੰਦਾ ਹੈ ਤਾਂ ਪੁਲਿਸ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ।