ਮੰਡੀ ਗੋਬਿੰਦਗੜ੍ਹ: ਬੇਸ਼ੱਕ ਦੇਸ਼ ਨੂੰ ਆਜ਼ਾਦ ਹੋਇਆ 73 ਸਾਲ ਦਾ ਸਮਾਂ ਬੀਤ ਚੁੱਕਾ ਹੈ ਪਰ ਅੱਜ ਵੀ ਸਰਕਾਰਾਂ ਆਮ ਲੋਕਾਂ ਨੂੰ ਮੁੱਢਲੀਆਂ ਸੁੱਖ ਸਹੂਲਤਾਂ ਮੁਹੱਈਆ ਕਰਾਉਣ ਵਿਚ ਪੂਰੀ ਤਰ੍ਹਾਂ ਫੇਲ ਸਾਬਤ ਹੋ ਰਹੀਆਂ ਹਨ। ਜਿਸ ਕਰਕੇ ਲੋਕਾਂ ਨੂੰ ਨਰਕ ਭਰੀ ਜ਼ਿੰਦਗੀ ਬਤੀਤ ਕਰਨੀ ਪੈ ਰਹੀ ਹੈ । ਅਜਿਹਾ ਮਾਮਲਾ ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ੍ਹ ਦੇ ਨਾਲ ਲੱਗਦੇ ਇਲਾਕੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਜਿੱਥੇ ਨਾ ਪੱਕੀਆਂ ਗਲੀਆਂ, ਨਾ ਗੰਦੇ ਪਾਣੀ ਦਾ ਨਿਕਾਸੀ ਦਾ ਪ੍ਰਬੰਧ ਅਤੇ ਨਾ ਹੀ ਪੀਣ ਵਾਲੇ ਸ਼ੁੱਧ ਪਾਣੀ ਦੀ ਕੋਈ ਸਹੂਲਤ ਹੈ।
ਇਸ ਮੌਕੇ ਗੱਲਬਾਤ ਕਰਦੇ ਹੋਏ ਮੁਹੱਲੇ ਦੇ ਲੋਕਾਂ ਦਾ ਕਹਿਣਾ ਸੀ ਕਿ ਮੁਹੱਲੇ ਦੀਆਂ ਸਮੱਸਿਆਵਾਂ ਦੇ ਹੱਲ ਨੂੰ ਲੈ ਕੇ ਉਹ ਨਗਰ ਕੌਂਸਲ ਦੇ ਨਾਲ ਪਿਛਲੇ ਕਈ ਸਾਲਾਂ ਤੋਂ ਲੜਾਈ ਲੜ ਰਹੇ ਹਨ । ਉਸ ਵੇਲੇ ਇਹ ਇਲਾਕਾ ਗ੍ਰਾਮ ਪੰਚਾਇਤ ਦੇ ਅਧੀਨ ਹੁੰਦਾ ਸੀ ਹੁਣ ਜਦੋਂ ਸ਼ਹਿਰ ਦੇ ਨਾਲ ਲੱਗਦੇ ਕਈ ਕਸਬਿਆਂ ਸਮੇਤ ਮੁਹੱਲਾ ਇਕਬਾਲ ਨਗਰ ਕੌਂਸਲ ਹਦੂਦ ਵਿੱਚ ਸ਼ਾਮਲ ਹੋਇਆ ਤਾਂ ਲੋਕਾਂ ਨੂੰ ਬਿਹਤਰ ਸੁੱਖ ਸਹੂਲਤਾਂ ਮਿਲਣ ਦੀ ਆਸ ਬੱਝੀ ਪਰ ਕੌਂਸਲ ਵਿੱਚ ਸ਼ਾਮਲ ਹੋਇਆ ਤਿੰਨ ਸਾਲ ਤੋਂ ਵਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਮੁਹੱਲੇ ਦੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਬਰਕਰਾਰ ਹਨ।
ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਨਰਕ ਭਰੀ ਜ਼ਿੰਦਗੀ ਜਿਉਣ ਨੂੰ ਲੋਕ ਮਜ਼ਬੂਰ - ਮੰਡੀ ਗੋਬਿੰਦਗੜ੍ਹ
ਸਾਲ 2016 ਵਿਚ ਪੰਜਾਬ ਵਿਚ ਸਭ ਤੋਂ ਵੱਡੇ ਬਜਟ ਵਾਲੀ ਨਗਰ ਕੌਸਲ ਮੰਡੀ ਗੋਬਿੰਦਗੜ੍ਹ 'ਚ ਸ਼ਾਮਿਲ ਹੋਏ ਮੁਹੱਲਾ ਇਕਬਾਲ ਨਗਰ ਦੇ ਨਿਵਾਸੀ ਅੱਜ ਵੀ ਮੁੱਢਲੀਆਂ ਸਹੂਲਤਾਂ ਤੋਂ ਸੱਖਣੇ ਹਨ ਅਤੇ ਉਹ ਮੁਹੱਲੇ ਦੀਆਂ ਗਲੀਆਂ ਵਿੱਚ ਖੜ੍ਹੇ ਰਹਿੰਦੇ ਪਾਣੀ ਕਾਰਨ ਕਾਲੇ ਪਾਣੀ ਤੋਂ ਵੀ ਭੈੜੀ ਸਜ਼ਾ ਭੋਗਣ ਲਈ ਮਜ਼ਬੂਰ ਹਨ ਕਿਉਂਕਿ ਇਲਾਕੇ ਵਿੱਚ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ।
ਫ਼ੋਟੋ
ਉਨ੍ਹਾਂ ਕਿਹਾ ਕਿ ਬਰਸਾਤੀ ਪਾਣੀ ਕੱਚੀਆਂ ਗਲੀਆਂ ਵਿੱਚ ਖੜ੍ਹਾ ਰਹਿੰਦਾ ਹੈ ਜਿਸ ਕਾਰਨ ਡੇਂਗੂ ਅਤੇ ਹੋਰ ਕਈ ਜਾਨਲੇਵਾ ਬੀਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਕੌਂਸਲ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਗਰ ਕੌਂਸਲ ਹਦੂਦ ਵਿੱਚ ਸ਼ਾਮਲ ਹੋਏ ਇਲਾਕਿਆਂ ਨੂੰ ਲੋੜੀਂਦੀਆ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ। ਉਨ੍ਹਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਨ੍ਹਾਂ ਵੱਲੋਂ ਸੀਵਰੇਜ ਬੋਰਡ ਦੇ ਵਿਰੁੱਧ ਧਰਨਾ ਦਿੱਤਾ ਜਾਵੇਗਾ।