ਲੁਧਿਆਣਾ: ਮੌਨਸੂਨ ਦੇ ਪਹਿਲੇ ਹੀ ਮੀਂਹ ਨੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਹੜ੍ਹ ਜਿਹਾ ਮਾਹੌਲ ਪੈਦਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਮਾਰਟ ਸਿਟੀ ਲੁਧਿਆਣਾ ਵਿੱਚ ਲਗਾਤਾਰ ਪਏ 3 ਘੰਟਿਆਂ ਦੇ ਮੀਂਹ ਨੇ ਲੋਕਾਂ ਨੂੰ ਮੁਸ਼ਕਲਾਂ ਵਿੱਚ ਪਾ ਦਿੱਤਾ ਹੈ। ਮੀਂਹ ਨੇ ਸਮਾਰਟ ਸਿਟੀ ਨੂੰ ਪੂਰੀ ਤਰ੍ਹਾਂ ਜਲਥਲ ਕਰ ਦਿੱਤਾ ਹੈ।
ਮੀਂਹ ਨੇ ਖੋਲ੍ਹੀ ਸਮਾਰਟ ਸਿਟੀ ਦੀ ਪੋਲ, ਜਲ-ਥਲ ਹੋਇਆ ਲੁਧਿਆਣਾ - rain in ludhiana
ਲੁਧਿਆਣਾ ਵਿੱਚ ਮੀਂਹ ਪੈਣ ਕਾਰਨ ਘੰਟਾਘਰ ਚੌਕ ਵਿੱਚ ਗੋਡੇ ਗੋਡੇ ਪਾਣੀ ਖੜ੍ਹ ਗਿਆ, ਜਿਸ ਤੋਂ ਬਾਅਦ ਸਥਾਨਕ ਲੋਕਾਂ ਨੂੰ ਤੇ ਦੁਕਾਨਦਾਰਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਲੁਧਿਆਣਾ ਦੇ ਘੰਟਾਘਰ ਚੌਕ 'ਚ ਪਾਣੀ ਗੋਡੇ ਗੋਡੇ ਖੜ੍ਹਾ ਹੋ ਗਿਆ ਹੈ, ਜਿਸ ਤੋਂ ਬਾਅਦ ਸਥਾਨਕ ਲੋਕਾਂ ਤੇ ਦੁਕਾਨਾਦਾਰਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਜਦ ਈਟੀਵੀ ਭਾਰਤ ਦੀ ਟੀਮ ਮੌਕੇ ਦਾ ਜਾਇਜ਼ਾ ਲੈਣ ਪੁੱਜੀ ਤਾਂ ਹਲਾਤ ਬਦ ਤੋਂ ਬਦਤਰ ਹੋਏ ਪਏ ਸਨ।
ਇਸ ਮੌਕੇ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਲੋਕਾਂ ਨੇ ਕਿਹਾ ਕਿ ਇਹ ਕੋਈ ਨਵੀਂ ਗੱਲ ਨਹੀਂ, ਹਰ ਸਾਲ ਮੀਂਹ ਪੈਣ ਨਾਲ ਹਾਲਾਤ ਅਜਿਹੇ ਹੀ ਹੁੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਮੀਂਹ ਨੇ ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਸੀਵਰੇਜ ਬਲੋਕ ਹੋਏ ਪਏ ਹਨ ਤੇ ਗੰਦਾ ਪਾਣੀ ਓਵਰਫਲੋ ਹੋ ਕੇ ਸੜਕਾਂ 'ਤੇ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇੱਥੇ ਨਾ ਤਾਂ ਕੋਈ ਨਗਰ ਨਿਗਮ ਦਾ ਅਧਿਕਾਰੀ ਜਾਇਜ਼ਾ ਲੈਣ ਪਹੁੰਚਿਆ ਹੈ ਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਸਫ਼ਾਈ ਕਰਵਾਈ ਗਈ ਹੈ।