ਲੁਧਿਆਣਾ :ਪੰਜਾਬ ਵਿੱਚ 15 ਅਗਸਤ ਨੂੰ ਪਿਛਲੇ ਸਾਲ 100 ਮੁਹੱਲਾ ਕਲੀਨਕ ਅਤੇ 26 ਜਨਵਰੀ ਨੂੰ 400 ਹੋਰ ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕੀਤਾ ਗਿਆ ਸੀ। 500 ਮੁਹੱਲਾ ਕਲੀਨਿਕ ਪੰਜਾਬ ਵਿੱਚ ਬਣ ਚੁੱਕੇ ਹਨ। ਪਰ ਸਿਵਲ ਹਸਪਤਾਲਾਂ ਦੀ ਹਾਲਤ ਨਿੱਘਰ ਰਹੀ ਹੈ। ਜੇਕਰ ਗੱਲ ਲੁਧਿਆਣਾ ਦੇ ਸਿਵਲ ਹਸਪਤਾਲ ਦੀ ਕਰੀਏ ਤਾਂ ਇੱਥੇ ਰੋਜ਼ਾਨਾ ਹਜ਼ਾਰਾਂ ਦੀ ਤਦਾਦ ਵਿਚ ਮਰੀਜ਼ ਆਉਂਦੇ ਨੇ ਪਰ ਡਾਕਟਰਾਂ ਦੀ ਵੱਡੀ ਕਮੀ ਹੋਣ ਕਰਕੇ ਸਿਵਲ ਹਸਪਤਾਲ ਨੂੰ ਅਤੇ ਮਰੀਜ਼ਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਮੁਹੱਲਾ ਕਲੀਨਿਕ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਸਵਾਲ ਵੀ ਖੜ੍ਹੇ ਕੀਤੇ ਹਨ। ਇਹੀ ਨਹੀਂ ਪੁਰਾਣੇ ਹਸਪਤਾਲ ਅਤੇ ਪੁਰਾਣੀਆਂ ਡਿਸਪੈਂਸਰੀਆਂ ਦੀ ਹਾਲਤ ਵੀ ਮਾੜੀ ਹੈ।
40 ਲੱਖ ਦੀ ਆਬਾਦੀ ਇਕ ਸਰਕਾਰੀ ਹਸਪਤਾਲ:ਲੁਧਿਆਣਾ ਨੂੰ ਮੈਡੀਕਲ ਹੱਬ ਵਜੋਂ ਵੀ ਜਾਣਿਆਂ ਜਾਂਦਾ ਹੈ ਪਰ 40 ਲੱਖ ਦੀ ਆਬਾਦੀ ਵਾਲੇ ਲੁਧਿਆਣਾ ਸ਼ਹਿਰ ਵਿੱਚ ਸਿਰਫ ਇੱਕ ਹੀ ਸਿਵਲ ਹਸਪਤਾਲ ਹੈ। ਸਿਵਲ ਹਸਪਤਾਲ ਵਿਚ ਅਸਾਮੀਆਂ ਤਾਂ ਪੂਰੀਆਂ ਭਰੀਆਂ ਹੋਈਆਂ ਹਨ ਪਰ ਇਸਦੇ ਬਾਵਜੂਦ ਕਿੰਨੇ ਮਰੀਜ਼ ਆਉਂਦੇ ਹਨ, ਉਨ੍ਹਾਂ ਲਈ ਉਹ ਡਾਕਟਰ ਨਾਕਾਫੀ ਹਨ। ਲੁਧਿਆਣਾ ਦੀ ਐਸ ਐਮ ਓ ਡਾਕਟਰ ਅਮਰਜੀਤ ਕੌਰ ਨੇ ਕਿਹਾ ਹੈ ਕਿ ਹਸਪਤਾਲ ਵਿੱਚ ਡਾਕਟਰਾਂ ਦੀਆਂ ਅਸਾਮੀਆਂ ਪੂਰੀਆਂ ਭਰੀਆਂ ਹੋਈਆਂ ਹਨ ਪਰ 40 ਲੱਖ ਦੀ ਆਬਾਦੀ ਵਾਲੇ ਲੁਧਿਆਣਾ ਸ਼ਹਿਰ ਵਿੱਚ ਲੋਕ ਵੱਡੀ ਤਾਦਾਦ ਵਿੱਚ ਹਨ ਇਥੇ ਇਲਾਜ਼ ਲਈ ਆਉਂਦੇ ਹਨ। ਇੱਕ ਦਿਨ ਵਿੱਚ ਸਾਰੇ ਮਰੀਜ਼ਾਂ ਨੂੰ ਭੁਗਤਾਉਣਾ ਉਨ੍ਹਾਂ ਦੇ ਡਾਕਟਰਾਂ ਦੇ ਵੱਸ ਦੀ ਗੱਲ ਨਹੀਂ ਹੈ।
ਮਰੀਜ਼ ਹੋ ਰਹੇ ਪੇਰਸ਼ਾਨ : ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਪਹੁੰਚੇ ਮਰੀਜਾਂ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਉਨ੍ਹਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਸਵੇਰੇ 9 ਵਜੇ ਆ ਕੇ ਉਹਨਾਂ ਨੂੰ ਪਹਿਲਾਂ ਪਰਚੀ ਕਟਵਾਉਣੀ ਪੈਂਦੀ ਹੈ ਅਤੇ ਉਸ ਤੋਂ ਬਾਅਦ ਫਿਰ ਕਤਾਰਾਂ ਵਿਚ ਲੱਗਣਾ ਪੈਂਦਾ ਹੈ। ਮਰੀਜ਼ਾਂ ਨੇ ਕਿਹਾ ਹੈ ਕਿ ਡਾਕਟਰ ਆਉਂਦੇ ਹਨ ਅਤੇ ਉਹ ਜਦੋਂ ਚੈਕਿੰਗ ਕਰਨ ਲੱਗਦੇ ਹਨ ਤਾਂ ਕੋਈ ਨਾ ਕੋਈ ਫੋਨ ਆ ਜਾਂਦਾ ਹੈ । ਐਮਰਜੈਂਸੀ ਲਈ ਵੀ ਉਨ੍ਹਾਂ ਨੂੰ ਜਾਣਾ ਪੈਂਦਾ ਹੈ। ਮਰੀਜ਼ਾਂ ਨੇ ਕਿਹਾ ਕਿ ਕਈ ਵਾਰ ਡਾਕਟਰ ਛੁੱਟੀ ਉੱਤੇ ਹੁੰਦੇ ਹਨ ਤੇ ਕਈ ਵਾਰ ਵਾਰੀ ਹੀ ਨਹੀਂ ਆਉਂਦੀ। ਮਰੀਜ਼ਾਂ ਨੇ ਕਿਹਾ ਹੈ ਕਿ ਹਸਪਤਾਲ ਵਿੱਚ ਡਾਕਟਰਾਂ ਦੀ ਗਿਣਤੀ ਵਧਾਉਣੀ ਚਾਹੀਦੀ ਹੈ ਕਿਉਂਕਿ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।