ਲੁਧਿਆਣਾ: ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਘੱਟ-ਗਿਣਤੀ ਮੰਤਰੀ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਐਮ.ਪੀ.ਏ. ਡਾ. ਸੂਰਨ ਸਿੰਘ ਦੇ ਕਤਲ 'ਚ ਨਾਮਜ਼ਦ ਬਲਦੇਵ ਕੁਮਾਰ ਸਿੰਘ ਨੂੰ ਪੇਸ਼ਾਵਰ ਹਾਈ ਕੋਰਟ ਵਲੋਂ ਸੰਮਨ ਜਾਰੀ ਕੀਤੇ ਗਏ ਹਨ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਬਲਦੇਵ ਕੁਮਾਰ ਸਿੰਘ ਨੇ ਕਿਹਾ ਕਿ ਸੰਮਨ ਜਾਰੀ ਕਰਨ ਦਾ ਵੀ ਕੋਈ ਤਰੀਕਾ ਹੁੰਦਾ ਹੈ। ਇਸ ਤਰ੍ਹਾਂ ਸੰਮਨ ਨਹੀਂ ਜਾਰੀ ਕੀਤੇ ਜਾ ਸਕਦੇ।
ਉਨ੍ਹਾਂ ਕਿਹਾ ਕਿ ਮੈਂ ਪਾਕਿਸਤਾਨ ਦਾ ਕੋਈ ਵੀ ਏਜੰਟ ਨਹੀਂ ਹਾਂ, ਕੁੱਝ ਲੋਕ ਮੇਰੇ ਬਾਰੇ ਗ਼ਲਤ ਅਫ਼ਵਾਹਾਂ ਫੈਲਾ ਰਹੇ ਹਨ, ਜੇ ਮੈਂ ਏਜੰਟ ਹੁੰਦਾ ਤਾਂ ਪਾਕਿਸਤਾਨ ਵਿੱਚ ਮੇਰੇ ਬਾਰੇ ਇਸ ਤਰ੍ਹਾਂ ਨਾ ਹੁੰਦਾ। ਮੈਂ ਇੱਥੇ ਭਾਰਤ ਵਿੱਚ ਰਹਿਣ ਰਿਹਾ ਹਾਂ ਅਤੇ ਬਹੁਤ ਹੀ ਖ਼ੁਸ਼ ਹਾਂ। ਮੈਂ ਮੋਦੀ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਹਾਂ ਜਿੰਨ੍ਹਾਂ ਨੇ ਸੀਏਏ ਅਧੀਨ ਲੋਕਾਂ ਨੂੰ ਆਪਣੇ ਦੇਸ਼ ਵਿੱਚ ਰਹਿਣ ਲਈ ਨਾਗਰਿਕਤਾ ਦਿੱਤੀ ਹੈ।
ਜਾਣਕਾਰੀ ਮੁਤਾਬਕ ਜੇ 20 ਜਨਵਰੀ ਨੂੰ ਉਹ ਅਦਾਲਤ 'ਚ ਪੇਸ਼ ਨਾ ਹੋਇਆ ਤਾਂ ਉਸ ਨੂੰ ਭਗੌੜਾ ਕਰਾਰ ਦਿੱਤਾ ਜਾ ਸਕਦਾ ਹੈ।
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਵ. ਡਾ. ਸੂਰਨ ਸਿੰਘ ਦੇ ਪੁੱਤਰ ਅਜੇ ਸਿੰਘ ਮੁਤਾਬਕ ਸਿੱਖੀ ਰੂਪ ਧਾਰਨ ਕਰ ਕੇ ਆਪਣੇ ਪਰਿਵਾਰ ਸਮੇਤ ਭਾਰਤੀ ਪੰਜਾਬ ਦੇ ਖੰਨਾ ਸ਼ਹਿਰ 'ਚ ਰਹਿ ਰਹੇ ਬਲਦੇਵ ਕੁਮਾਰ ਸਿੰਘ ਪੁੱਤਰ ਨਾਨਕ ਚੰਦ ਵਿਰੁੱਧ ਪੇਸ਼ਾਵਰ ਹਾਈ ਕੋਰਟ 'ਚ ਅਜੇ ਵੀ ਕੇਸ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਕਿ-ਹਿੰਦੂ ਅਤੇ ਸਿੱਖ ਭਾਈਚਾਰੇ ਨੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ
ਪਾਕਿਸਤਾਨੀ ਸਿੱਖ ਆਗੂ ਦੇ ਕਤਲ 'ਚ ਨਾਮਜ਼ਦ ਉੱਕਤ ਵਿਅਕਤੀ ਅਤੇ ਉਸ ਦੇ ਪਰਿਵਾਰ ਨੂੰ ਨਾਗਰਿਕਤਾ ਸੋਧ ਐਕਟ ਤਹਿਤ ਭਾਰਤ ਦੀ ਨਾਗਰਿਕਤਾ ਨਾ ਦਿੱਤੀ ਜਾਵੇ ਅਤੇ ਜਲਦੀ ਪਾਕਿ ਵਾਪਸ ਭੇਜਿਆ ਜਾਵੇ।
ਜਾਣਕਾਰੀ ਮੁਤਾਬਕ ਗ੍ਰਿਫ਼ਤਾਰ ਕੀਤੇ ਜਾਣ 'ਤੇ ਬਲਦੇਵ ਕੁਮਾਰ ਸਿੰਘ ਨੇ ਖ਼ੁਦ ਮੰਨਿਆ ਸੀ ਕਿ ਉਸ ਨੇ 10 ਹਜ਼ਾਰ ਡਾਲਰ ਦੇ ਕੇ ਪੇਸ਼ੇਵਰ ਵਿਅਕਤੀਆਂ ਕੋਲੋਂ ਡਾ.ਸੂਰਨ ਸਿੰਘ ਦਾ 22 ਅਪ੍ਰੈਲ, 2016 ਨੂੰ ਕਤਲ ਕਰਵਾਇਆ ਸੀ। ਦੋ ਸਾਲ ਦੀ ਜੇਲ੍ਹ ਦੀ ਸਜ਼ਾ ਦੇ ਬਾਅਦ ਉਸ ਨੂੰ ਪੇਸ਼ਾਵਰ ਦੀ ਅੱਤਵਾਦ ਵਿਰੋਧੀ ਅਦਾਲਤ ਵਲੋਂ ਸਬੂਤਾਂ ਦੀ ਘਾਟ ਕਾਰਨ ਰਿਹਾਅ ਕਰ ਦਿੱਤਾ ਗਿਆ।
ਅਜੇ ਸਿੰਘ ਦਾ ਦਾਅਵਾ ਹੈ ਕਿ ਉੱਕਤ ਅਦਾਲਤ ਦੇ ਫ਼ੈਸਲੇ ਦੇ ਵਿਰੁੱਧ ਪਾਕਿ ਸਿੱਖ ਭਾਈਚਾਰੇ ਵਲੋਂ ਸੂਬਾ ਖ਼ੈਬਰ ਪਖਤੂਨਖਵਾ ਦੀ ਹਾਈ ਕੋਰਟ 'ਚ ਅਪੀਲ ਦਾਇਰ ਕੀਤੀ ਗਈ, ਜਿੱਥੇ ਇਹ ਮਾਮਲਾ ਅਜੇ ਵੀ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਵਿਅਕਤੀ ਰਾਜਨੀਤਿਕ ਚੌਧਰ ਕਾਇਮ ਕਰਨ ਲਈ ਧੋਖੇ ਨਾਲ ਕਿਸੇ ਨਿਰਦੋਸ਼ ਵਿਅਕਤੀ ਦਾ ਕਤਲ ਕਰਵਾ ਸਕਦਾ ਹੈ, ਉਸ 'ਤੇ ਭਾਰਤ ਸਰਕਾਰ ਕਿਸੇ ਤਰ੍ਹਾਂ ਦਾ ਭਰੋਸਾ ਨਾ ਕਰੇ।