ਲੁਧਿਆਣਾ: ਰਿਜ਼ਰਵ ਬੈਂਕ ਆਫ਼ ਇੰਡੀਆ ਵੱਲੋਂ ਯੈੱਸ ਬੈਂਕ ਦੇ ਗ੍ਰਾਹਕਾਂ ਦੀ ਨਿਕਾਸੀ ਹੱਦ ਨੂੰ ਬੀਤੇ ਦਿਨ ਘਟਾਉਣ ਦਾ ਐਲਾਨ ਕਰਨ ਤੋਂ ਬਾਅਦ ਬੈਂਕ ਦੇ ਗ੍ਰਾਹਕਾਂ 'ਚ ਸਹਿਮ ਦਾ ਮਾਹੌਲ ਹੈ। ਆਰਬੀਆਈ ਨੇ ਬੈਂਕ ਤੋਂ ਕੈਸ਼ ਕਢਵਾਉਣ ਦੀ ਲਿਮਿਟ ਨੂੰ 50 ਹਜ਼ਾਰ ਕਰ ਦਿੱਤਾ ਹੈ ਜਿਸ ਕਰਕੇ ਲੋਕ ਆਪਣੇ ਪੈਸੇ ਬੈਂਕ 'ਚੋਂ ਕਢਵਾ ਰਹੇ ਹਨ। ਬੈਂਕ ਦੇ ਬਾਹਰ ਵੱਡੀ ਤਾਦਾਦ 'ਚ ਪੁਲਿਸ ਵੀ ਤੈਨਾਤ ਕੀਤੀ ਗਈ ਹੈ।
ਯੈੱਸ ਬੈਂਕ ਦੀ ਨਿਕਾਸੀ ਹੱਦ 50 ਹਜ਼ਾਰ ਕੀਤੇ ਜਾਣ 'ਤੇ ਘਬਰਾਏ ਗ੍ਰਾਹਕ ਹਾਲਾਂਕਿ ਬੈਂਕ ਨੂੰ ਆਰਬੀਆਈ ਨੇ ਇਹ ਹਦਾਇਤਾਂ ਦਿੱਤੀਆਂ ਹਨ ਕਿ ਜੇਕਰ ਕਿਸੇ ਨੂੰ ਸਿੱਖਿਆ ਲਈ ਸਿਹਤ ਲਈ ਜਾਂ ਫਿਰ ਐਮਰਜੈਂਸੀ ਲਈ ਵੱਧ ਕੈਸ਼ ਚਾਹੀਦਾ ਹੈ ਤਾਂ ਉਸ ਦੀ ਮਦਦ ਕੀਤੀ ਜਾਵੇ ਪਰ ਫੇਰ ਵੀ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ। ਬੈਂਕ ਦੇ ਗ੍ਰਾਹਕਾਂ ਨੇ ਕਿਹਾ ਹੈ ਕਿ ਉਹ ਸਵੇਰ ਤੋਂ ਪੈਸੇ ਕਢਵਾਉਣ ਲਈ ਖੜ੍ਹੇ ਹਨ ਪਰ ਉਨ੍ਹਾਂ ਦਾ ਨੰਬਰ ਹਾਲੇ ਤੱਕ ਨਹੀਂ ਆਇਆ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਦੀ ਵੈੱਬਸਾਈਟ ਹੈਕ ਸਬੰਧੀ ਸਾਈਬਰ ਵਿਭਾਗ ਕਰੇਗਾ ਜਾਂਚ: ਸੋਢੀ
ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਬੈਂਕ ਅਧਿਕਾਰੀ ਵੀ ਕੋਈ ਸਿੱਧਾ ਜਵਾਬ ਨਹੀਂ ਦੇ ਰਹੇ। ਉਨ੍ਹਾਂ ਨੇ ਕਿਹਾ ਕਿ ਜੋ ਪੈਸੇ ਦਿੱਤੇ ਜਾ ਰਹੇ ਹਨ, ਉਹ ਛੋਟੇ ਨੋਟਾਂ ਦੇ ਰੂਪ 'ਚ ਦਿੱਤੇ ਜਾ ਰਹੇ ਹਨ, ਜਿਨ੍ਹਾਂ ਨੂੰ ਸਾਂਭਣਾ ਕਾਫ਼ੀ ਔਖਾ ਹੈ। ਇਥੋਂ ਤੱਕ ਕਿ ਲੁਧਿਆਣਾ ਦੀ ਕਈ ਬ੍ਰਾਂਚਾਂ ਨੇ ਤਾਂ ਪੈਸੇ ਖ਼ਤਮ ਹੋਣ ਦੀ ਗੱਲ ਕਹਿ ਕੇ ਗ੍ਰਾਹਕਾਂ ਨੂੰ ਵਾਪਿਸ ਮੋੜ ਦਿੱਤਾ ਹੈ। ਗ੍ਰਾਹਕਾਂ ਵਿੱਚ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ ਹੈ ਅਤੇ ਹਰ ਕੋਈ ਆਪਣੇ ਪੈਸੇ ਕਢਵਾਉਣ ਲਈ ਬੈਂਕ ਪਹੁੰਚ ਕਰ ਰਿਹਾ ਹੈ।
ਲੋਕਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਤਾਂ ਮੋਦੀ ਸਰਕਾਰ ਡਿਜੀਟਲ ਇੰਡੀਆ ਦੀ ਗੱਲ ਕਰਦੀ ਹੈ ਉੱਥੇ ਹੀ ਹੁਣ ਬੈਂਕਾਂ ਦੇ ਵਿੱਚ ਅਜਿਹੀ ਲਿਮਟਾਂ ਲਗਾ ਕੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਰਕਾਰ ਦੀ ਨਾਕਾਮੀ ਦਾ ਨਤੀਜਾ ਹੈ।