ਖੰਨਾ/ਲੁਧਿਆਣਾ :ਪੰਜਾਬ ਸਰਕਾਰ ਦੇ ਹੁਕਮਾਂ 'ਤੇ ਸੂਬੇ 'ਚ ਪਹਿਲੀ ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੋ ਗਈ। ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ 'ਚ ਸਰਕਾਰੀ ਖਰੀਦ ਏਜੰਸੀ ਪਨਗ੍ਰੇਨ ਨੇ ਪਹਿਲੀ ਢੇਰੀ ਖਰੀਦੀ। ਸਰਕਾਰੀ ਭਾਅ 2203 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਬੋਲੀ ਲੱਗੀ। ਸੀਐਮ ਭਗਵੰਤ ਮਾਨ 3 ਅਕਤੂਬਰ ਨੂੰ ਖੰਨਾ ਮੰਡੀ ਵਿੱਚ ਝੋਨੇ ਦੀ ਖਰੀਦ ਦਾ ਰਸਮੀ ਉਦਘਾਟਨ ਕਰਨ ਜਾਣਗੇ, ਪਰ ਇਸਦੇ ਨਾਲ ਹੀ ਸਰਕਾਰ ਦੇ ਹੁਕਮ ਹਨ ਕਿ ਝੋਨੇ ਦੀ ਖਰੀਦ ਦਾ ਕੰਮ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰੱਖਿਆ ਜਾਵੇ। ਜਿਸ ਕਾਰਨ ਖੰਨਾ ਮੰਡੀ ਵਿੱਚ ਖਰੀਦ ਸ਼ੁਰੂ ਕਰਵਾ ਦਿੱਤੀ ਗਈ।
ਆੜ੍ਹਤੀ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਦੱਸਿਆ ਕਿ 1 ਅਕਤੂਬਰ ਤੋਂ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ। ਇਸ ਵਾਰ ਸ਼ੁਰੂ ਵਿੱਚ ਹੀ ਫ਼ਸਲ ਬਹੁਤ ਵਧੀਆ ਆ ਰਹੀ ਹੈ। ਉਮੀਦ ਹੈ ਕਿ ਬੰਪਰ ਫਸਲ ਹੋਵੇਗੀ। ਸੀਐਮ ਭਗਵੰਤ ਮਾਨ 3 ਅਕਤੂਬਰ ਨੂੰ ਆਉਣਗੇ ਅਤੇ ਆੜ੍ਹਤੀਆਂ, ਮਜ਼ਦੂਰਾਂ ਤੇ ਕਿਸਾਨਾਂ ਨੂੰ ਮਿਲਣਗੇ। ਉਨ੍ਹਾਂ ਅੱਗੇ ਆਪਣੀਆਂ ਮੰਗਾਂ ਰੱਖੀਆਂ ਜਾਣਗੀਆਂ। ਪ੍ਰਧਾਨ ਰੋਸ਼ਾ ਨੇ ਕਿਹਾ ਕਿ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।