ਲੁਧਿਆਣਾ/ਖੰਨਾ: ਭਾਵੇਂ ਕੇਂਦਰ ਸਰਕਾਰ ਵੱਲੋਂ ਖੇਤੀ ਬਿੱਲ ਪਾਸ ਕਰ ਦਿੱਤੇ ਗਏ ਹਨ, ਜਿਸ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਵਿੱਚ ਸਰਕਾਰ ਦੇ ਇਸ ਫੈਸਲੇ 'ਤੇ ਨਾਰਾਜ਼ਗੀ ਹੈ ਪਰ ਫਿਰ ਵੀ ਕਿਸਾਨਾਂ ਵੱਲੋਂ ਪੁੱਤਾਂ ਵਾਂਗੂ ਪਾਲੀ ਆਪਣੀ ਝੋਨੇ ਦੀ ਫ਼ਸਲ ਨੂੰ ਮੰਡੀਆਂ ਵਿੱਚ ਲਿਆਉਣਾ ਸ਼ੁਰੂ ਕਰ ਦਿੱਤਾ ਹੈ। ਇਸੇ ਅਧੀਨ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਕਹਿ ਜਾਣ ਵਾਲੀ ਖੰਨਾ ਮੰਡੀ ਵਿੱਚ ਵੀ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ।
ਖੰਨਾ ਮੰਡੀ ਵਿੱਚ ਝੋਨੇ ਦੀ ਆਮਦ ਹੋਈ ਸ਼ੁਰੂ, ਮੰਡੀ ਪ੍ਰਬੰਧਾਂ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਖੋਲ੍ਹ ਰਹੀਆਂ ਸਰਕਾਰ ਦੀ ਪੋਲ - ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ
ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਕਹੇ ਜਾਣ ਵਾਲੀ ਖੰਨਾ ਮੰਡੀ ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ। ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਨੇ ਦਾਅਵਾ ਕੀਤਾ ਹੈ ਕਿ ਮੰਡੀ ਵਿੱਚ ਝੋਨੇ ਦੀ ਖਰੀਦ ਨੂੰ ਲੈ ਕੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਪਰ ਮੰਡੀ ਵਿੱਚ ਖੜ੍ਹਾ ਪਾਣੀ ਅਤੇ ਗਟਰ ਦੇ ਖੁੱਲ੍ਹੇ ਢੱਕਣ ਵੱਡੀ ਪਰੇਸ਼ਾਨੀ ਬਣੇ ਹੋਏ ਹਨ।

ਖੰਨਾ ਦੀ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ ਨੇ ਦੱਸਿਆ ਕਿ ਮੰਡੀ ਵਿੱਚ ਝੋਨੇ ਦੀ ਖਰੀਦ ਨੂੰ ਲੈ ਕੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਥੇ ਹੀ ਦੂਜੇ ਪਾਸੇ ਜਦੋਂ ਮੰਡੀ ਦਾ ਦੌਰਾ ਕੀਤਾ ਗਿਆ ਤਾਂ ਥਾਂ-ਥਾਂ 'ਤੇ ਖੜ੍ਹਾ ਪਾਣੀ ਤੇ ਗਟਰ ਦੇ ਖੁੱਲ੍ਹੇ ਢੱਕਣ ਕੁਝ ਹੋਰ ਹੀ ਤਸਵੀਰ ਪੇਸ਼ ਕਰ ਰਹੇ ਹਨ। ਜੇਕਰ ਸਾਫ਼ ਸਫ਼ਾਈ ਦੀ ਗੱਲ ਕਰੀਏ ਤਾਂ ਗੰਦਗੀ ਆਮ ਦਿਨਾਂ ਦੀ ਤਰ੍ਹਾਂ ਫੈਲੀ ਹੋਈ ਹੈ।
ਮੰਡੀ ਵਿੱਚ ਮੌਜੂਦ ਲੋਕਾਂ ਨੇ ਸਰਕਾਰ ਦੇ ਦਾਅਵਿਆਂ ਨੂੰ ਖੋਖਲਾ ਕਰਾਰ ਦਿੰਦੇ ਹੋਏ ਕਿਹਾ ਕਿ ਥਾਂ-ਥਾਂ ਖੜ੍ਹੇ ਪਾਣੀ ਤੇ ਗਟਰਾਂ ਦੇ ਖੁੱਲ੍ਹੇ ਢੱਕਣਾਂ ਸੰਬੰਧੀ ਕਈ ਵਾਰ ਸਬੰਧਤ ਅਧਿਕਾਰੀਆਂ ਨੂੰ ਦਰਖਾਸਤ ਦਿੱਤੀ ਗਈ ਹੈ, ਪਰ ਉਨ੍ਹਾਂ ਨੇ ਇਸ 'ਤੇ ਕੋਈ ਵੀ ਅਮਲ ਨਹੀਂ ਕੀਤਾ। ਲੋਕਾਂ ਦਾ ਕਹਿਣਾ ਹੈ ਕਿ ਮੁਲਾਜ਼ਮ ਆਉਂਦੇ ਹਨ ਚੱਕਰ ਲਗਾਉਂਦੇ ਹਨ ਤੇ ਚਲੇ ਜਾਂਦੇ ਹਨ, ਪਰ ਕੋਈ ਵੀ ਇਸ ਵੱਲ ਧਿਆਨ ਨਹੀਂ ਦਿੰਦਾ।