ਖੰਨਾ ਵਿੱਚ ਵਾਪਰੇ ਹਾਦਸੇ ਦੌਰਾਨ ਇੱਕ ਬੱਚੇ ਦੀ ਮੌਤ ਖੰਨਾ: ਸ਼ਹਿਰ ਦੇ ਬੱਸ ਸਟੈਂਡ ਨਜ਼ਦੀਕ ਨੈਸ਼ਨਲ ਹਾਈਵੇ 'ਤੇ ਬਣੇ ਪੁਲ਼ 'ਤੇ ਸੜਕ ਹਾਦਸੇ ਵਿੱਚ ਇਕ 4 ਸਾਲਾ ਬੱਚੇ ਦੀ ਮੌਤ ਹੋ ਗਈ ਹੈ। ਦਰਅਸਰਲ ਨੈਸ਼ਨਲ ਹਾਈਵੇਅ ਉਤੇ ਤੇਜ਼ ਰਫ਼ਤਾਰ ਆਲਟੋ ਕਾਰ ਨੇ ਮੋਟਰਸਾਈਕਲ ਸਵਾਰ ਪਰਿਵਾਰ ਨੂੰ ਟੱਕਰ ਮਾਰੀ, ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ 4 ਮੈਂਬਰ ਜੀਟੀ ਰੋਡ ਦੇ ਦੂਜੇ ਪਾਸੇ ਜਾ ਡਿੱਗੇ। ਇਸ ਦੌਰਾਨ ਇਕ ਮਾਸੂਮ ਦੀ ਮੌਤ ਹੋ ਗਈ, ਜਦਕਿ ਬਾਕੀ ਦੇ ਤਿੰਨ ਮੈਂਬਰ ਗੰਭੀਰ ਜ਼ਖ਼ਮੀ ਹਨ, ਜਿਨ੍ਹਾਂ ਦਾ ਖੰਨਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਤੇਜ਼ ਰਫ਼ਤਾਰ ਕਾਰ ਹੋਣ ਕਾਰਨ ਵਾਪਰਿਆ ਹਾਦਸਾ :ਜਾਣਕਾਰੀ ਅਨੁਸਾਰ ਸਰਹਿੰਦ ਦੇ ਪਿੰਡ ਅਤਾਪੁਰ ਦਾ ਰਹਿਣ ਵਾਲਾ ਉੱਤਮ ਦੀਪ ਸਿੰਘ ਆਪਣੇ ਸਹੁਰਾ ਪਰਿਵਾਰ ਨੂੰ ਮਿਲਣ ਲਈ ਮਾਛੀਵਾੜਾ ਸਾਹਿਬ ਗਿਆ ਹੋਇਆ ਸੀ। ਉਸਦੇ ਨਾਲ ਉਸਦੀ ਪਤਨੀ, 4 ਸਾਲ ਦਾ ਬੇਟਾ ਬਿਪਨਜੋਤ ਸਿੰਘ ਅਤੇ 8 ਮਹੀਨੇ ਦਾ ਦੂਜਾ ਬੇਟਾ ਵੀ ਸੀ। ਚਾਰੇ ਜਣੇ ਮੋਟਰਸਾਈਕਲ 'ਤੇ ਸਵਾਰ ਸਨ, ਜਦੋਂ ਉਹ ਸਹੁਰੇ ਘਰ ਤੋਂ ਵਾਪਸ ਆ ਰਹੇ ਸੀ ਤਾਂ ਬੱਸ ਸਟੈਂਡ ਨੇੜੇ ਪੁਲ਼ 'ਤੇ ਇਕ ਤੇਜ਼ ਰਫਤਾਰ ਆਲਟੋ ਕਾਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਖਤਰਨਾਕ ਸੀ ਕਿ ਮੋਟਰਸਾਈਕਲ ਸਵਾਰ ਚਾਰੇ ਜਣੇ ਸੜਕ ਦੇ ਦੂਜੇ ਪਾਸੇ ਜਾ ਕੇ ਡਿੱਗੇ।
ਹਾਦਸੇ ਮਗਰੋਂ ਕਾਰ ਚਾਲਕ ਵੱਲੋਂ ਭੱਜਣ ਦਾ ਯਤਨ, ਲੋਕਾਂ ਨੇ ਘੇਰਿਆ :ਸਿਵਲ ਹਸਪਤਾਲ ਵਿਖੇ ਇਲਾਜ ਅਧੀਨ ਉੱਤਮਦੀਪ ਸਿੰਘ ਨੇ ਦੱਸਿਆ ਕਿ ਕਾਰ ਦੀ ਰਫ਼ਤਾਰ ਬਹੁਤ ਤੇਜ਼ ਸੀ। ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਕਾਰ ਨੇ ਉਨ੍ਹਾਂ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸਤੋਂ ਬਾਅਦ ਉਹ ਦੂਜੇ ਪਾਸੇ ਡਿੱਗ ਪਏ। 2 ਮਿੰਟ ਬਾਅਦ ਉਸਨੂੰ ਹੋਸ਼ ਆਈ। ਉਸਦੀ ਪਤਨੀ ਅਤੇ ਦੋਵੇਂ ਬੱਚੇ ਸੜਕ 'ਤੇ ਲਹੂ-ਲੁਹਾਨ ਹਾਲਤ 'ਚ ਪਏ ਸਨ। ਰਾਹਗੀਰਾਂ ਨੇ ਐਂਬੂਲੈਂਸ ਦੀ ਮਦਦ ਨਾਲ ਉਹਨਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਉਥੇ ਇਲਾਜ ਦੌਰਾਨ ਉਸਦੇ 4 ਸਾਲਾ ਪੁੱਤਰ ਬਿਪਨਜੋਤ ਸਿੰਘ ਦੀ ਮੌਤ ਹੋ ਗਈ। ਆਲਟੋ ਕਾਰ ਦਾ ਡਰਾਈਵਰ ਉਹਨਾਂ ਨੂੰ ਟੱਕਰ ਮਾਰਕੇ ਮੌਕੇ ਤੋਂ ਭੱਜ ਗਿਆ ਸੀ। ਇਸ ਦੌਰਾਨ ਉੱਥੋਂ ਨਿਕਲ ਰਹੇ ਇਨੋਵਾ ਸਵਾਰ ਵਿਅਕਤੀ ਨੇ ਪਿੱਛਾ ਕਰਕੇ ਆਲਟੋ ਕਾਰ ਵਾਲੇ ਨੂੰ ਘੇਰਿਆ। ਉਸਨੂੰ ਕਾਬੂ ਕਰ ਕੇ ਪੁਲਿਸ ਹਵਾਲੇ ਕੀਤਾ ਗਿਆ। ਇਹ ਡਰਾਈਵਰ ਪਾਣੀਪਤ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ ਜੋ ਲੁਧਿਆਣਾ ਤੋਂ ਵਾਪਸ ਜਾ ਰਿਹਾ ਸੀ।
ਸਿਵਲ ਹਸਪਤਾਲ ਖੰਨਾ ਵਿਖੇ ਐਮਰਜੈਂਸੀ ਡਿਊਟੀ 'ਤੇ ਤਾਇਨਾਤ ਡਾਕਟਰ ਆਕਾਸ਼ ਗੋਇਲ ਨੇ ਦੱਸਿਆ ਕਿ ਹਾਦਸੇ 'ਚ 4 ਵਿਅਕਤੀ ਜ਼ਖਮੀ ਹੋਏ। ਪਤੀ-ਪਤਨੀ ਸਮੇਤ ਦੋ ਜ਼ਖਮੀ ਬੱਚਿਆਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਇਕ ਬੱਚੇ ਦੀ ਹਾਲਤ ਕਾਫੀ ਗੰਭੀਰ ਸੀ। ਉਸਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਗਈ, ਪਰ ਕਾਮਯਾਬ ਨਹੀਂ ਹੋ ਸਕੇ। ਬਾਕੀ ਤਿੰਨ ਜਣਿਆਂ ਦਾ ਇਲਾਜ ਚੱਲ ਰਿਹਾ ਹੈ। ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ।