ਲੁਧਿਆਣਾ/ਖੰਨਾ:ਦੋਰਾਹਾ ਦੇ ਗੁਰਦੁਆਰਾ ਸ਼੍ਰੀ ਕਟਾਣਾ ਸਾਹਿਬ ਨੇੜੇ ਸੜਕ ਦਾ ਨੀਂਹ ਪੱਥਰ ਰੱਖਣ ਪੁੱਜੇ ਕੈਬਿਨੇਟ ਮੰਤਰੀ ਹਰਭਜਨ ਸਿੰਘ ਦਾ ਕੱਚੇ ਬਿਜਲੀ ਕਾਮਿਆਂ ਨੇ ਵਿਰੋਧ ਕੀਤਾ। ਪੁਲਿਸ ਦੀ ਸੁਰੱਖਿਆ ਵਿੱਚ ਵੀ ਚੂਕ ਰਹੀ। ਬਿਜਲੀ ਕਾਮੇ ਸਮਾਗਮ ਵਾਲੀ ਥਾਂ ਦੇ ਬਾਹਰ ਹੀ ਖੜ੍ਹੇ ਸੀ, ਜਿੱਥੇ ਮੰਤਰੀ ਦੇ ਆਉਂਦੇ ਸਾਰ ਹੀ ਉਨ੍ਹਾਂ ਨੇ ਕਾਲੀਆਂ ਝੰਡੀਆਂ ਨਾਲ ਨਾਅਰੇਬਾਜੀ ਸ਼ੁਰੂ ਕਰ ਦਿੱਤੀ। ਇਸ ਤੋਂ ਪਹਿਲਾਂ ਪੁਲਿਸ ਨੂੰ ਭਿਣਕ ਤੱਕ ਨਹੀਂ ਲੱਗੀ ਕਿ ਪ੍ਰਦਰਸ਼ਨਕਾਰੀ ਇੱਥੇ ਖੜ੍ਹੇ ਹਨ। ਰੋਸ ਕਾਰਨ ਮੰਤਰੀ ਨੂੰ ਪਿਛਲੇ ਗੇਟ ਰਾਹੀਂ ਬਾਹਰ ਕੱਢਿਆ ਗਿਆ।
ਪੁਲਿਸ ਵਾਲੇ ਵੀ ਧਰਨੇ ਤੋਂ ਬੇਖ਼ਬਰ ਸੀ : ਜਾਣਕਾਰੀ ਦੇ ਮੁਤਾਬਕ ਬਿਜਲੀ ਅਤੇ ਲੋਕ ਨਿਰਮਾਣ ਵਿਭਾਗ ਮੰਤਰੀ ਹਰਭਜਨ ਸਿੰਘ ਈਟੀਓ ਪਿੰਡ ਕਟਾਣੀ ਵਿਖੇ ਲੰਬੇ ਸਮੇਂ ਤੋਂ ਟੁੱਟੀ ਸੜਕ ਦਾ ਨੀਂਹ ਪੱਥਰ ਰੱਖਣ ਆਏ ਮੰਤਰੀ ਦੇ ਪ੍ਰੋਗਰਾਮ ਬਾਰੇ ਬਿਜਲੀ ਵਿਭਾਗ ਦੇ ਕੱਚੇ ਕਾਮਿਆਂ ਨੂੰ ਪਹਿਲਾਂ ਹੀ ਪਤਾ ਸੀ, ਪਰ ਇਨ੍ਹਾਂ ਕਾਮਿਆਂ ਦੇ ਰੋਸ ਮੁਜਾਹਰੇ ਬਾਰੇ ਪੁਲਿਸ ਅਤੇ ਖੁਫ਼ੀਆ ਏਜੰਸੀਆਂ ਨੂੰ ਕੁਝ ਪਤਾ ਨਹੀਂ ਲੱਗਾ। ਜਿਵੇਂ ਹੀ ਮੰਤਰੀ ਆਪਣੀ ਗੱਡੀ ਚੋਂ ਉਤਰੇ ਤਾਂ ਇਨ੍ਹਾਂ ਕਾਮਿਆਂ ਨੇ ਕਾਲੀਆਂ ਝੰਡੀਆਂ ਨਾਲ ਨਾਅਰੇਬਾਜੀ ਸ਼ੁਰੂ ਕਰ ਦਿੱਤੀ। ਪ੍ਰਦਰਸ਼ਨਕਾਰੀ ਮੰਤਰੀ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਸੀ, ਤਾਂ ਪੁਲਿਸ ਨੇ ਚਾਰੇ ਪਾਸੇ ਘੇਰਾ ਪਾ ਕੇ ਪ੍ਰਦਰਸ਼ਨਕਾਰੀਆਂ ਨੂੰ ਰੋਕ ਲਿਆ। ਇਹ ਪ੍ਰਦਰਸ਼ਨਕਾਰੀ ਸਮਾਗਮ ਵਾਲੇ ਗੇਟ ਦੇ ਅੱਗੇ ਨਾਅਰੇਬਾਜ਼ੀ ਕਰਦੇ ਰਹੇ। ਜਿਸ ਕਾਰਨ ਮੰਤਰੀ ਨੂੰ ਸਟੇਜ ਦੇ ਪਿਛਲੇ ਪਾਸੇ ਤੋਂ ਨਿਕਲਣਾ ਪਿਆ।