ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪਟਿਆਲਾ ਦੇ ਸਰਾਕਰੀ ਰਜਿੰਦਰਾ ਹਸਪਤਾਲ ਅਚਨਚੇਤ ਚੈਕਿੰਗ ਕੀਤੀ ਗਈ ਸੀ। ਉਸ ਦੌਰਾਨ ਉਨ੍ਹਾਂ ਮਰੀਜ਼ਾਂ ਨਾਲ ਗੱਲਬਾਤ ਕੀਤੀ ਪਰ ਇਸ ਦੌਰਾਨ ਭਗਵੰਤ ਮਾਨ ਦੇ ਸੋਸ਼ਲ ਮੀਡੀਆ 'ਤੇ ਇਸ ਦੀ ਵੀਡਿਓ ਵੀ ਸਾਂਝੀ ਕੀਤੀ ਗਈ ਪਰ ਸ਼ਾਇਦ ਸਰਕਾਰ ਆਪਣੇ ਹੀ ਅਧਿਕਾਰੀਆਂ ਵਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਤੋਂ ਅਣਜਾਣ ਨਜ਼ਰ ਆਈ।
ਵੀਡਿਓਗ੍ਰਾਫ਼ੀ ਅਤੇ ਫੋਟੋਗਰਾਫੀ 'ਤੇ ਪਾਬੰਦੀ!: ਜਦੋਂ ਮੀਡੀਆ ਨੂੰ ਨਾਲ ਲੈਕੇ ਭਗਵੰਤ ਮਾਨ ਹਸਪਤਾਲ ਪੁੱਜੇ ਅਤੇ ਮਰੀਜ਼ਾਂ ਦੇ ਵਾਰਡ 'ਚ ਵੀਡੀਓਗਰਾਫੀ ਵੀ ਕਰਦੇ ਨਜ਼ਰ ਆਏ। ਜਿਸ ਨੂੰ ਲੈਕੇ ਵਿਰੋਧੀ ਪਾਰਟੀਆਂ ਦੇ ਲੀਡਰਾਂ ਨੇ ਸਵਾਲ ਖੜ੍ਹੇ ਕੀਤੇ ਨੇ ਅਤੇ ਕਿਹਾ ਕੇ ਮਰੀਜ਼ਾਂ ਦੀ ਨਿੱਜਤਾ ਨਾਲ ਇਹ ਖਿਲਵਾੜ ਹੈ। ਜਦੋਂ ਕੇ ਸੂਬੇ ਦੇ ਸਰਕਾਰੀ ਹਸਪਤਾਲਾਂ 'ਚ ਕੁਝ ਸਮਾਂ ਪਹਿਲਾਂ ਹੀ ਸਿਹਤ ਮਹਿਕਮੇ ਨੇ ਵਾਰਡਾਂ ਅੰਦਰ ਵੀਡਿਓਗ੍ਰਾਫ਼ੀ ਅਤੇ ਫੋਟੋਗਰਾਫੀ 'ਤੇ ਪਾਬੰਦੀ ਲਾਈ ਗਈ ਸੀ।
CM ਮਾਨ ਦੇ ਹਸਪਤਾਲ ਦੌਰੇ 'ਤੇ ਉਠੇ ਸਵਾਲ ਪੱਤਰਕਾਰਾਂ ਲਈ ਨਿਕਲੇ ਸੀ ਹੁਕਮ: ਜਿਸ ਸਬੰਧੀ ਬਕਾਇਦਾ ਸਿਵਲ ਹਸਪਤਾਲਾਂ 'ਚ ਨੋਟਿਸ ਲਾਏ ਗਏ ਸਨ ਪਰ ਹੁਣ ਸਰਕਾਰ ਖੁਦ ਹੀ ਇਨ੍ਹਾਂ ਨੋਟਿਸਾਂ ਨੂੰ ਛਿੱਕੇ ਟੰਗਦੀ ਵਿਖਾਈ ਦੇ ਰਹੀ ਹੈ। ਵਿਰੋਧੀ ਪਾਰਟੀਆਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਨਾਲ ਜੋ ਪੂਰਾ ਮੀਡੀਏ ਦਾ ਕਾਫਿਲਾ ਲੈ ਕੇ ਗਏ ਨੇ ਉਸ ਨਾਲ ਹੀ ਮਰੀਜ਼ਾਂ ਦੀ ਨਿੱਜਤਾ 'ਤੇ ਵਾਰ ਹੋਇਆ ਹੈ।
ਸਰਕਾਰੀ ਹਸਪਤਾਲਾਂ 'ਚ ਨੋਟਿਸ: ਹਾਲੇ ਕੁਝ ਦਿਨ ਪਹਿਲਾਂ ਹੀ ਪੰਜਾਬ ਦੇ ਕਈ ਸਰਕਾਰੀ ਹਸਪਤਾਲਾਂ ਦੇ ਵਿੱਚ ਬਕਾਇਦਾ ਇਹ ਨੋਟਿਸ ਲਿਆ ਗਿਆ ਸੀ ਕਿ ਮੀਡੀਆ ਕਰਮੀ ਵਾਰਡਾਂ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਵੀਡੀਓਗ੍ਰਾਫੀ ਨਹੀਂ ਕਰ ਸਕਦੇ ਅਤੇ ਨਾ ਹੀ ਮਰੀਜ਼ਾਂ ਦੀ ਫੋਟੋ ਖਿੱਚ ਸਕਦੇ ਹਨ। ਲੁਧਿਆਣਾ ਸਿਵਲ ਹਸਪਤਾਲ ਦੇ ਵਿੱਚ ਵੀ ਅਜਿਹੇ ਹੀ ਨੋਟਿਸ ਲਗਾਏ ਗਏ ਸਨ, ਇਸ ਸਬੰਧੀ ਬਕਾਇਦਾ ਲੁਧਿਆਣਾ ਦੀ ਸੀਨੀਅਰ ਮੈਡੀਕਲ ਅਫ਼ਸਰ ਨੇ ਕਿਹਾ ਸੀ ਕਿ ਇਸ ਨਾਲ ਮਰੀਜ਼ਾਂ ਦੀ ਨਿੱਜਤਾ ਖਰਾਬ ਹੁੰਦੀ ਹੈ। ਇਸ ਤਰ੍ਹਾਂ ਵਾਰਡਾਂ ਦੇ ਵਿੱਚ ਜਾ ਕੇ ਵੀਡਿਓ ਬਣਾਉਣਾ ਸਹੀ ਨਹੀਂ ਹੈ ਇਸ ਕਰਕੇ ਇਹ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਕਿਹਾ ਸੀ ਕਿ ਮੀਡੀਆ ਕਰਮੀ ਵਾਰਡ ਦੇ ਬਾਹਰ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ਼ੀ ਕਰ ਸਕਦੇ ਹਨ।
ਵਿਰੋਧੀਆਂ ਨੇ ਚੁੱਕੇ ਸਵਾਲ:ਪੰਜਾਬ ਮੁੱਖਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਗਏ ਇਸ ਅਚਨਚੇਤ ਦੌਰੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਸਵਾਲ ਵੀ ਖੜ੍ਹੇ ਕੀਤੇ ਹਨ। ਲੁਧਿਆਣਾ ਤੋਂ ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ ਇੰਦਰ ਗਰੇਵਾਲ ਨੇ ਕਿਹਾ ਹੈ ਕਿ ਇਹ ਮਰੀਜ਼ਾਂ ਦੀ ਨਿੱਜਤਾ 'ਤੇ ਹਮਲਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਤਾਂ ਇਸ ਤੋਂ ਵੀ ਸਖਤ ਨਿਯਮ ਹਨ ਕਿ ਮਰੀਜ਼ਾਂ ਦੀ ਨਿੱਜਤਾ ਨੂੰ ਕਿਸੇ ਵੀ ਤਰਾਂ ਨਾਲ ਉਜਾਗਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਹਾਲੇ ਵੀ ਕੰਮ ਕਰਨ ਦੀ ਥਾਂ ਆਪਣੀ ਮਸ਼ਹੂਰੀ ਕਰ ਰਹੇ ਹਨ।
ਮਸ਼ਹੂਰੀ ਦੀ ਥਾਂ ਕੰਮ ਕਰਨ ਦੀ ਲੋੜ: ਉੱਥੇ ਹੀ ਦੂਜੇ ਪਾਸੇ ਭਾਜਪਾ ਦੇ ਲੀਡਰ ਗੁਰਦੀਪ ਗੋਸ਼ਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਤ ਮਾਨ ਸ਼ਾਇਦ ਹਾਲੇ ਵੀ ਮੁੱਖ ਮੰਤਰੀ ਬਣਨ ਦੇ ਸੁਪਨੇ ਹੀ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਾਇਦ ਸੀਐਮ ਮਾਨ ਭੁੱਲ ਚੁੱਕੇ ਨੇ ਕੇ ਪੰਜਾਬ ਦੇ ਵਾਸੀਆਂ ਨੇ ਗਲਤੀ ਨਾਲ ਉਹਨਾਂ ਨੂੰ ਮੁੱਖ ਮੰਤਰੀ ਬਣਾ ਦਿੱਤਾ ਹੈ। ਹੁਣ ਉਹਨਾਂ ਨੂੰ ਮਸ਼ਹੂਰੀ ਕਰਨ ਦੀ ਲੋੜ ਨਹੀਂ ਸਗੋਂ ਕੰਮ ਕਰਨ ਦੀ ਲੋੜ ਹੈ।
ਇਹ ਵੀ ਪੜ੍ਹੋ:ਦੀਪ ਸਿੱਧੂ ਦੇ ਭਰਾ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ, ਕੀਤੀ ਇਹ ਮੰਗ