ਡਿਜੀਟਲ ਹੋਈ ਪੰਜਾਬ ਦੀ ਟ੍ਰੈਫਿਕ ਪੁਲਿਸ ਲੁਧਿਆਣਾ: ਪੰਜਾਬ ਪੁਲਿਸ ਵੱਲੋ ਡਿਜੀਟਲ ਚਲਾਨ ਭੁਗਤਾਨ ਲਈ ਨਵੀਂ ਤਕਨੀਕ ਸ਼ੁਰੂ ਕੀਤੀ ਗਈ ਹੈ। ਜਿਸਦੇ ਤਹਿਤ ਟ੍ਰੈਫਿਕ ਮੁਲਾਜਿਮਾਂ ਨੂੰ ਡਿਜੀਟਲ ਮਸ਼ੀਨਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ। ਜਿੰਨਾਂ ਨਾਲ ਚਲਾਨ ਦਾ ਮੌਕੇ 'ਤੇ ਹੀ ਭੁਗਤਾਨ ਕਰ ਸਕਣਗੇ ਤੇ ਇਸ ਦੇ ਨਾਲ ਡਿਜੀਟਲ ਪੇਮੈਂਟ ਹੋਵੇਗੀ। ਚਲਾਨ ਕਟਵਾਉਣ ਵਾਲਾ ਕ੍ਰੈਡਿਟ ਕਾਰਡ, ਡੇਬਿਟ ਕਾਰਡ, ਗੂਗਲ ਪੇ ਅਤੇ ਹੋਰ ਯੂ.ਪੀ.ਆਈ ਪੇਮੈਂਟ ਐਪ ਰਾਹੀਂ ਮੌਕੇ 'ਤੇ ਆਨਲਾਈਨ ਭੁਗਤਾਨ ਕਰ ਸਕੇਗਾ।
ਡਿਜੀਟਲ ਮਸ਼ੀਨਾਂ ਰਾਹੀ ਭੁਗਤਾਨ: ਲੁਧਿਆਣਾ ਦੇ ਵਿੱਚ ਪਹਿਲੇ ਪੜਾਅ ਦੇ ਤਹਿਤ 30 ਅਜਿਹੀਆਂ ਡਿਜੀਟਲ ਮਸ਼ੀਨਾਂ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਸੌਂਪੀਆਂ ਗਈਆਂ ਹਨ। ਜਿਸ ਸਬੰਧੀ ਲੁਧਿਆਣਾ ਦੇ ਟ੍ਰੈਫਿਕ ਇੰਚਾਰਜ ਸਮੀਰ ਵਰਮਾ ਵੱਲੋਂ ਪੁਸ਼ਟੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਹੈ ਕਿ ਕਈ ਵਾਰ ਚਲਾਨ ਕੱਟਣ ਵੇਲੇ ਵਾਹਨ ਚਾਲਕ ਪੈਸੇ ਨਾ ਹੋਣ ਦੀ ਗੱਲ ਕਹਿੰਦਾ ਸੀ। ਉਨ੍ਹਾਂ ਕਿਹਾ ਕਿ ਹੁਣ ਚਲਾਨ ਕੱਟਣ ਦੇ ਵਿੱਚ ਪਾਰਦਰਸ਼ਤਾ ਆਵੇਗੀ ਅਤੇ ਨਾਲ ਹੀ ਉਨ੍ਹਾਂ ਨੂੰ ਚੰਡੀਗੜ੍ਹ ਤੋਂ ਚਲਾਨ ਬੁੱਕਾਂ ਮੰਗਾਉਣੀਆਂ ਪੈਂਦੀਆਂ ਸਨ, ਉਸ ਦੀ ਵੀ ਲੋੜ ਨਹੀਂ ਪਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦੇ ਘਰਾਂ ਤੱਕ ਚਲਾਨ ਪਹੁੰਚਾਉਣ ਦੀ ਵੀ ਕਵਾਇਦ ਸ਼ੁਰੂ ਕਰਨ ਜਾ ਰਹੇ ਹਾਂ।
ਕਾਰ ਦੇ ਨੰਬਰ ਤੋਂ ਸਾਰੀ ਡਿਟੇਲ:ਏਡੀਸੀਪੀ ਸਮੀਰ ਵਰਮਾ ਨੇ ਕਿਹਾ ਕਿ ਇਸ ਸਬੰਧੀ ਮੁਲਾਜ਼ਮਾਂ ਨੂੰ ਵਿਸ਼ੇਸ਼ ਟ੍ਰੇਨਿੰਗ ਵੀ ਮੁਹੱਈਆ ਕਰਵਾਈ ਗਈ ਹੈ। ਉਨ੍ਹਾ ਦੱਸਿਆ ਕਿ 30 ਮਸ਼ੀਨਾਂ ਫਿਲਹਾਲ ਲਈਆਂ ਗਈਆਂ ਹਨ। ਇਸ ਮਸ਼ੀਨ 'ਚ ਨਾ ਸਿਰਫ ਡਿਜੀਟਲ ਅਦਾਇਗੀ ਦੀ ਸੁਵਿਧਾ ਹੈ, ਸਗੋਂ ਨਾਲ ਹੀ ਇਸ 'ਚ ਕਾਰ ਦਾ ਨੰਬਰ ਪਾਉਣ ਦੇ ਨਾਲ ਉਸ ਦੀ ਸਾਰੀ ਪੁਰਾਣੀ ਡਿਟੇਲ ਵੀ ਆ ਜਾਵੇਗੀ। ਜਿਸ ਤੋਂ ਪਤਾ ਲੱਗ ਸਕੇਗਾ ਕਿ ਗੱਡੀ ਕਿਸ ਦੇ ਨਾਂਅ 'ਤੇ ਚੱਲ ਰਹੀ ਹੈ ਅਤੇ ਕਾਰ ਦਾ ਬੀਮਾ ਹੈ ਜਾਂ ਨਹੀਂ ਤੇ ਕੀ ਹੋਰ ਕਾਗਜ਼ ਪੂਰੇ ਹਨ। ਏਡੀਸੀਪੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਇਸ ਕਾਰ ਦਾ ਪਹਿਲਾਂ ਕੋਈ ਚਲਾਨ ਹੋਇਆ ਹੈ ਜਾਂ ਨਹੀਂ ਉਸ ਨੇ ਆਪਣਾ ਪੁਰਾਣਾ ਚਲਾਨ ਭੁਗਤਿਆ ਹੈ ਜਾਂ ਨਹੀਂ ਹੁਣ ਤੱਕ ਕਿੰਨੇ ਚਲਾਨ ਹੋ ਚੁੱਕੇ ਨੇ, ਇਸ ਸਬੰਧੀ ਸਾਰੀ ਜਾਣਕਾਰੀ ਮਿਲ ਸਕੇਗੀ।
ਲੁਧਿਆਣਾ 'ਚ 30 ਥਾਵਾਂ 'ਤੇ ਸ਼ੁਰੂਆਤ: ਏਡੀਸੀਪੀ ਨੇ ਕਿਹਾ ਕਿ ਲੁਧਿਆਣਾ ਪੁਲਿਸ ਹੁਣ ਜਲਦ ਹੀ ਘਰ ਚਲਾਨ ਪਹੁੰਚਾਉਣ ਲਈ ਵੀ ਤਿਆਰੀ ਕਰ ਰਹੀ ਹੈ। ਨਵੇਂ ਬਣੇ ਲੁਧਿਆਣਾ ਦੇ ਓਵਰਬ੍ਰਿਜ ਹਾਈਵੇਅ 'ਤੇ ਸਪੈਸ਼ਲ ਕੈਮਰੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਵੀ ਇਸ ਦੀ ਸ਼ੁਰੂਆਤ ਕੀਤੀ ਸੀ ਤੇ ਹੁਣ ਅਸੀਂ ਇਸ ਸਬੰਧੀ ਮੁੜ ਤੋਂ ਕੈਮਰੇ ਲਾਏ ਜਾ ਰਹੇ ਹਨ ਜੋ ਕਿ ਰਫਤਾਰ ਨੂੰ ਵੇਖ ਕੇ ਹੀ ਚਲਾਨ ਕੱਟਣਗੇ। ਟ੍ਰੈਫਿਕ ਇੰਚਾਰਜ ਨੇ ਦੱਸਿਆ ਕੇ ਅਸੀਂ ਜਲਦ ਹੀ ਇਹ ਸ਼ੁਰੂ ਕਰ ਦੇਵਾਂਗੇ। ਉਨ੍ਹਾਂ ਦੱਸਿਆ ਕਿ ਅਸੀਂ 30 ਮਸ਼ੀਨਾਂ ਰਾਹੀਂ ਕੱਲ੍ਹ ਤੋਂ ਹੀ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਹਨ। ਪਹਿਲੇ ਪੜਾਅ ਦੇ ਤਹਿਤ 30 ਮਸ਼ੀਨਾ ਆਈਆਂ ਨੇ ਅਤੇ ਉਮੀਦ ਹੈ ਜਲਦ ਹੋਰ ਮਸ਼ੀਨਾਂ ਆ ਜਾਣਗੀਆਂ। ਉਨ੍ਹਾਂ ਕਿਹਾ ਕਿ ਚਲਾਨ 'ਚ ਪਾਰਦਰਸ਼ਤਾ ਵੀ ਆਵੇਗੀ।