ਹੌਜ਼ਰੀ ਫੈਕਟਰੀ 'ਚ ਲੱਗੀ ਭਿਆਨਕ ਅੱਗ ਲੁਧਿਆਣਾ : ਲੁਧਿਆਣਾ ਵਿਖੇ ਬੀਤੀ ਦੇਰ ਰਾਤ ਗਊਸ਼ਾਲਾ ਰੋਡ 'ਤੇ ਬਣੀ ਇੱਕ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਲੋਕ ਜ਼ਮਖੀ ਹੋ ਗਏ। ਹਾਦਸੇ ਦੀ ਜਾਣਕਾਰੀ ਮਿਲਦਿਆਂ ਤੁਰੰਤ ਸਥਾਨਕ ਲੋਕਾਂ ਵੱਲੋਂ ਮੁਢਲੀ ਮਦਦ ਕੀਤੀ ਗਈ ਅਤੇ ਪੁਲਿਸ ਅਤੇ ਫਾਇਰ ਬ੍ਰਿਗੇਡ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਮੌਕੇ 'ਤੇ ਪਹੁੰਚੇ ਅਧਿਕਾਰੀਆਂ ਨੇ ਜ਼ਖਮੀਆਂ ਨੂੰ ਇਲਾਕੇ ਦੇ ਕੁਝ ਲੋਕਾਂ ਦੀ ਮਦਦ ਨਾਲ ਤੁਰੰਤ ਸੀ.ਐੱਮ.ਸੀ. ਹਸਪਤਾਲ ’ਚ ਪਹੁੰਚਾਇਆ ਗਿਆ, ਜਿੱਥੇ ਇੱਕ ਨੇ ਦਮ ਤੋੜ ਦਿੱਤਾ।
ਅੱਗ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ :ਅੱਗ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਹਾਦਸੇ 'ਚ ਛੱਤ ‘ਤੇ ਸੌਂ ਰਹੇ 2 ਕਿਰਾਏਦਾਰ ਤੇ ਮਕਾਨ ਮਾਲਕ ਸਨ। ਜੋ ਕਿ ਧੂੰਏਂ ਦੀ ਚਪੇਟ ਵਿਚ ਆ ਗਏ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦੱਸਿਆ ਕਿ ਹਰਬੰਸਪੁਰਾ ਦੇ ਇਲਾਕੇ 'ਚ ਫੈਕਟਰੀ ਤੋਂ ਨਿਕਲ ਰਹੀ ਅੱਗ ਦੀਆਂ ਲਪਟਾਂ ਦੇਖ ਕੇ ਖੇਤਰ ਦੇ ਲੋਕਾਂ 'ਚ ਹੜਕੰਪ ਮੱਚ ਗਿਆ। ਲੋਕਾਂ ਨੇ ਖੁਦ ਵੀ ਪਾਣੀ ਦੀਆਂ ਬਾਲਟੀਆਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ।
ਘਰ ਦੇ ਗਰਾਊਂਡ ਫਲੋਰ ‘ਤੇ ਚੱਲ ਰਹੀ ਸੀ ਫੈਕਟਰੀ : ਮੌਕੇ 'ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਿਸ ਫੈਕਟਰੀ 'ਚ ਅੱਗ ਲੱਗੀ ਉਹ ਥਾਣਾ ਡਵੀਜ਼ਨ ਨੰਬਰ 3 ਦੇ ਨੇੜੇ ਪ੍ਰਾਚੀਨ ਗਊਸ਼ਾਲਾ ਦੇ ਸਾਹਮਣੇ ਹੈ। ਮੋਹਨਲਾਲ ਧੀਰੀ ਦੇ ਘਰ ਦੇ ਗਰਾਊਂਡ ਫਲੋਰ ‘ਤੇ ਇਹ ਫੈਕਟਰੀ ਚੱਲ ਰਹੀ ਸੀ, ਜੋ ਕਿ ਵੱਡੇ ਹਾਦਸੇ ਦਾ ਸ਼ਿਕਾਰ ਹੋਈ ਹੈ। ਪ੍ਰਤੱਖਦਰਸ਼ੀਆਂ ਮੁਤਾਬਿਕ ਦੇਖਦੇ ਹੀ ਦੇਖਦੇ ਅੱਗ ਨੇ ਵਿਕਰਾਲ ਰੂਪ ਲੈ ਲਿਆ ਜਿਸ ਨਾਲ ਫੈਕਟਰੀ ਅੰਦਰ ਪਏ ਹੌਜ਼ਰੀ ਦਾ ਮਾਲ ਤੇ ਮਸ਼ੀਨ ਸੜ ਕੇ ਸੁਆਹ ਹੋ ਗਈ।
ਤੁਰੰਤ ਗੱਡੀਆਂ ਭੇਜ ਕੇ ਅੱਗ 'ਤੇ ਕਾਬੂ ਪਾਇਆ ਗਿਆ:ਫਾਇਰ ਬ੍ਰਿਗੇਡ ਵਿਭਾਗ ਦੇ ਅਫ਼ਸਰ ਆਤਿਸ਼ ਰਾਏ ਨੇ ਦੱਸਿਆ ਕਿ 11 ਵਜੇ ਦੇ ਕਰੀਬ ਅੱਗ ਲੱਗਣ ਦੀ ਉਨ੍ਹਾ ਨੂੰ ਸੂਚਨਾ ਮਿਲੀ ਤਾਂ ਤੁਰੰਤ ਗੱਡੀਆਂ ਭੇਜ ਕੇ ਅੱਗ 'ਤੇ ਕਾਬੂ ਪਾਇਆ ਗਿਆ ਅਤੇ ਘਰ 'ਚ ਫਸੇ 3 ਲੋਕਾਂ ਨੂੰ ਬਾਹਰ ਕਢਿਆ ਗਿਆ। ਉਨ੍ਹਾਂ ਕਿਹਾ ਕਿ ਇਹ ਪੂਰਾ ਰਿਹਾਇਸ਼ੀ ਇਲਾਕਾ ਹੈ, ਜਿੱਥੇ ਇਹ ਫੈਕਟਰੀ ਲਾਈ ਹੋਈ ਸੀ। ਉਹਨਾਂ ਕਿਹਾ ਕਿ ਬਾਕੀ ਜਾਂਚ ਦਿਨ ਚੜਦਿਆਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅੱਗ ਕਾਫੀ ਮੁਸ਼ੱਕਤ ਦੇ ਨਾਲ ਬੁਝਾਈ ਗਈ ਹੈ। ਜਾਣਕਾਰੀ ਮੁਤਾਬਿਕ ਇਹ ਫੈਕਟਰੀ ਕਾਫੀ ਸਮੇਂ ਤੋਂ ਰਿਹਾਇਸ਼ੀ ਇਲਾਕੇ 'ਚ ਚੱਲ ਰਹੀ ਸੀ ਇਲਾਕੇ 'ਚ ਤਾਰਾਂ ਦਾ ਜਾਲ ਵੀ ਇਸ ਹਾਦਸੇ ਦਾ ਕਾਰਨ ਮੰਨਿਆ ਜਾ ਰਿਹਾ ਹੈ ਕਿ ਤਾਰਾਂ 'ਚ ਸ਼ਾਰਟ ਸਰਕਟ ਹੋਣ ਕਾਰਨ ਫੈਕਟਰੀ 'ਚ ਅੱਗ ਲੱਗ ਗਈ। ਕਾਟਨ ਦੀ ਫੈਕਟਰੀ ਹੋਣ ਕਰਕੇ ਅੱਗ ਤੇਜੀ ਨਾਲ ਫੈਲ ਗਈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ।