ਲੁਧਿਆਣਾ: ਲੁਧਿਆਣਾ ਦਾ ਵਿਧਾਨ ਸਭਾ ਹਲਕਾ ਗਿੱਲ ਐਸੀ ਸੀ ਸੀਟ ਲਈ ਰਿਜ਼ਰਵ ਹੈ। ਕਾਂਗਰਸ ਦੇ ਕੁਲਦੀਪ ਵੈਦ (Kuldeep Vaid) ਹਲਕੇ ਦੇ ਮੌਜੂਦਾ ਵਿਧਾਇਕ ਹਨ। ਕੁਲਦੀਪ ਵੈਦ ਪ੍ਰਸ਼ਾਸਨਿਕ ਢਾਂਚੇ ਵਿੱਚ ਸੇਵਾਵਾਂ ਨਿਭਾਉਣ ਤੋਂ ਬਾਅਦ ਵਿਧਾਇਕ ਬਣੇ ਹਨ। ਜੇਕਰ ਹਲਕੇ ਵੋਟਰਾਂ ਦੀ ਗੱਲ ਕੀਤੀ ਜਾਵੇ ਤਾਂ ਹਲਕੇ ਵਿੱਚ ਦਲਿਤ ਵੋਟ ਬੈਂਕ ਦੀ ਵੱਡੀ ਤਾਦਾਦ ਹੈ।
ਜ਼ਿਲ੍ਹੇ ਦੇ ਸਭ ਤੋਂ ਵੱਡੇ ਵਿਧਾਨ ਸਭਾ ਹਲਕਾ ਗਿੱਲ ਦੀ ਕੁੱਲ ਵਸੋਂ 2,58,699 ਹੈ ਜਦੋਂ ਕਿ ਇਸ ਵਿਚ ਕੁੱਲ ਪੁਰਸ਼ ਵੋਟਰ 1,37,565 ਅਤੇ ਮਹਿਲਾ ਵੋਟਰਾਂ ਦੀ ਗਿਣਤੀ 1,21,125 ਹੈ। 2012 ਵਿਧਾਨ ਸਭਾ ਚੋਣਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੇ ਸ਼੍ਰੋਮਣੀ ਅਕਾਲੀ ਦਲ ਤੋਂ ਸੀਨੀਅਰ ਆਗੂ ਦਰਸ਼ਨ ਸਿੰਘ ਸ਼ਿਵਾਲਿਕ ਨੂੰ 6,9131 ਵੋਟਾਂ ਪਈਆਂ ਸਨ ਅਤੇ ਉਨ੍ਹਾਂ ਦਾ ਵੋਟ ਫੀਸਦ ਗਿੱਲ ਹਲਕੇ ਤੋਂ ਕੁੱਲ 46.48 ਫੀਸਦੀ ਰਿਹਾ ਸੀ। ਉਥੇ ਹੀ ਦੂਜੇ ਪਾਸੇ ਕਾਂਗਰਸ ਵੱਲੋਂ ਮਲਕੀਅਤ ਸਿੰਘ ਦਾਖਾ ਨੇ ਚੋਣ ਲੜੀ ਸੀ ਅਤੇ ਉਨ੍ਹਾਂ ਨੂੰ ਕੁੱਲ ਵੋਟਾਂ 63318 ਪਈਆਂ ਸਨ ਜਦੋਂ ਕਿ ਉਨ੍ਹਾਂ ਦਾ ਵੋਟ ਫੀਸਦ 42.9 ਫੀਸਦੀ ਰਿਹਾ ਸੀ।
ਕੁਲਦੀਪ ਵੈਦ ਦਾ ਸਿਆਸੀ ਜੀਵਨ
ਇਸੇ ਤਰ੍ਹਾਂ ਜੇਕਰ ਗੱਲ ਬੀਤੀਆਂ ਵਿਧਾਨ ਸਭਾ ਚੋਣਾਂ (Assembly elections) ਯਾਨੀ 2017 ਦੀ ਕੀਤੀ ਜਾਵੇ ਤਾਂ ਕਾਂਗਰਸ ਦੇ ਉਮੀਦਵਾਰ ਕੁਲਦੀਪ ਵੈਦ ਜੇਤੂ ਰਹੇ। ਉਨ੍ਹਾਂ ਨੂੰ ਕੁੱਲ 67,927 ਵੋਟਾਂ ਪਈਆਂ ਜਦੋਂ ਕਿ ਦੂਜੇ ਨੰਬਰ ‘ਤੇ ਜੀਵਨ ਸਿੰਘ ਸੰਗੋਵਾਲ ਆਮ ਆਦਮੀ ਪਾਰਟੀ ਦੇ ਰਹੇ ਜਿਨ੍ਹਾਂ ਨੂੰ ਕੁੱਲ 59,286 ਵੋਟਾਂ ਪਈਆਂ। ਵਿਧਾਇਕ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਦਰਸ਼ਨ ਸਿੰਘ ਸ਼ਿਵਾਲਿਕ ਤੀਜੇ ਨੰਬਰ ‘ਤੇ ਆ ਗਏ ਜਿੰਨ੍ਹਾਂ ਨੂੰ ਕੁੱਲ 47,476 ਵੋਟਾਂ ਹੀ ਗਿੱਲ ਹਲਕੇ ਦੇ ਲੋਕਾਂ ਨੇ ਪਾਈਆਂ। ਲੁਧਿਆਣਾ ਦਾ ਹਲਕਾ ਗਿੱਲ ਪੇਂਡੂ ਅਤੇ ਸ਼ਹਿਰੀ ਦੋਵੇਂ ਖੇਤਰਾਂ ਵਿੱਚ ਵੰਡਿਆ ਹੋਇਆ ਹੈ