ਯੂਨੀਵਰਸਿਟੀ ਨੇ ਲਿਆ ਮੁਲਜ਼ਮ ਖ਼ਿਲਾਫ਼ ਐਕਸ਼ਨ ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਵਿਦਿਆਰਥਣਾਂ ਦੇ ਕਥਿਤ ਜਿਨਸੀ ਸ਼ੋਸ਼ਣ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਹੁਣ ਇਸ ਮਾਮਲੇ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸੰਚਾਰ ਵਿਭਾਗ ਦੇ ਡਾਇਰੈਕਟਰ ਡਾਕਟਰ ਤੇਜਿੰਦਰ ਰਿਆੜ ਦਾ ਸਪਸ਼ਟੀਕਰਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪਹਿਲਾਂ ਹੀ ਐਕਸ਼ਨ ਲਿਆ ਜਾ ਚੁੱਕਾ ਹੈ ਅਤੇ ਸਬੰਧਿਤ ਪ੍ਰੋਫੈਸਰ ਤੋਂ ਸਾਰੀਆਂ ਜਮਾਤਾਂ ਵਾਪਿਸ ਲੈ ਲਈਆਂ ਗਈਆਂ ਹਨ ਤਾਂ ਜੋ ਭਵਿੱਖ ਦੇ ਵਿੱਚ ਉਹ ਕਿਸੇ ਤਰ੍ਹਾਂ ਦੀ ਕੋਈ ਗ਼ਲਤੀ ਨਾ ਕਰ ਸਕੇ।
ਕਮੇਟੀ ਦਾ ਗਠਨ:ਉਨ੍ਹਾਂ ਕਿਹਾ ਕਿ ਇਸ ਸਬੰਧੀ ਬਕਾਇਦਾ ਇੱਕ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ ਜੋ ਨਿਰਪੱਖ ਤੌਰ ਉੱਤੇ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਮੌਜੂਦਾ ਚਿੱਠੀ ਬਾਰੇ ਉਨ੍ਹਾਂ ਕਿਹਾ ਕਿ ਪੜਤਾਲ ਕੀਤੀ ਜਾ ਰਹੀ ਹੈ। ਤੇਜਿੰਦਰ ਰਿਆੜ ਨੇ ਇਹ ਵੀ ਕਿਹਾ ਕਿ ਇਹ ਇੱਕ ਮਹੀਨਾ ਪੁਰਾਣਾ ਮਾਮਲਾ ਹੈ ਅਤੇ ਯੂਨੀਵਰਸਿਟੀ ਮੌਕੇ ਉੱਤੇ ਮੁਲਜ਼ਮ ਪ੍ਰੋਫੈਸਰ ਖ਼ਿਲਾਫ਼ ਜੋ ਕਾਰਵਾਈ ਕਰ ਸਕਦੀ ਸੀ ਉਹ ਕੀਤੀ ਗਈ ਹੈ ਅਤੇ ਯੂਨੀਵਰਸਿਟੀ ਅਜਿਹੇ ਮਾਮਲਿਆਂ ਵਿੱਚ ਹਮੇਸ਼ਾ ਤੁਰੰਤ ਐਕਸ਼ਨ ਕਰਦੀ ਆਈ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮਾਮਲੇ ਨੂੰ ਕਿਸੇ ਵੀ ਢੰਗ ਨਾਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਸ਼ਿਕਾਇਤ ਉੱਤੇ ਤੁਰੰਤ ਐਕਸ਼ਨ: ਡਾਕਟਰ ਰਿਆੜ ਨੇ ਕਿਹਾ ਕਿ ਜਿਸ ਵਿਭਾਗ ਦੀ ਲੜਕੀ ਨੇ ਇਹ ਸ਼ਿਕਾਇਤ ਕੀਤੀ ਸੀ ਉਸ ਦੀ ਸ਼ਿਕਾਇਤ ਉੱਤੇ ਤੁਰੰਤ ਐਕਸ਼ਨ ਲਿਆ ਗਿਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਦੇ ਲਈ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ ਜੋਕਿ ਨਿਰਪੱਖ ਰੂਪ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ। ਯੂਨੀਵਰਸਿਟੀ ਤੋਂ ਵਾਇਰਲ ਹੋਏ ਪੱਤਰ ਨੂੰ ਲੈਕੇ ਉਨ੍ਹਾਂ ਕਿਹਾ ਕਿ ਪੱਤਰ ਉਸ ਨੂੰ ਹੀ ਮੰਨਿਆ ਜਾਂਦਾ ਹੈ ਜਿਸ ਵਿੱਚ ਲਿਖਣ ਵਾਲਾ ਕਿਸੇ ਨੂੰ ਜ਼ਿੰਮੇਵਾਰ ਦੱਸੇ ਜਾਂ ਫਿਰ ਸਬੰਧਿਤ ਦੋਸ਼ੀ ਦਾ ਨਾਮ ਦੱਸੇ। ਉਨ੍ਹਾਂ ਕਿਹਾ ਕਿ ਪਰ ਇਸ ਮਾਮਲੇ ਵਿੱਚ ਕੁੱਝ ਵੀ ਪੱਤਰ ਰਾਹੀਂ ਸਪੱਸ਼ਟ ਨਹੀਂ ਹੋ ਰਿਹਾ ਹੈ। ਇਸ ਲਈ ਪੱਤਰ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ । ਉਨ੍ਹਾਂ ਕਿਹਾ ਫਿਰ ਵੀ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਕਮੇਟੀ ਰਾਹੀਂ ਕੀਤੀ ਜਾ ਰਹੀ ਹੈ। ਸਾਫ਼ ਸ਼ਬਦਾਂ ਵਿੱਚ ਸੰਚਾਰ ਵਿਭਾਗ ਦੇ ਡਾਇਰੈਕਟਰ ਡਾਕਟਰ ਤੇਜਿੰਦਰ ਰਿਆੜ ਨੇ ਕਿਹਾ ਕਿ ਯੂਨੀਵਰਸਿਟੀ ਦੇ ਅਕਸ ਨੂੰ ਕਿਸੇ ਵੀ ਢੰਗ ਨਾਲ ਖ਼ਰਾਬ ਨਹੀਂ ਹੋਣ ਦਿੱਤਾ ਜਾਵੇਗਾ।
ਕੀ ਸੀ ਪੂਰਾ ਮਾਮਲਾ:ਦਰਅਸਲ ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨਵਰਸਿਟੀ ਦੀਆਂ ਵਿਦਿਆਰਥਣਾਂ ਵੱਲੋਂ ਉਨ੍ਹਾਂ ਦੇ ਜਿਣਸੀ ਸ਼ੋਸ਼ਣ ਸਬੰਧੀ ਇੱਕ ਪੱਤਰ ਸੂਬੇ ਦੇ ਰਾਜਪਾਲ ਨੂੰ ਲਿਖਿਆ ਗਿਆ ਹੈ, ਜਿਸ ਵਿੱਚ ਉਨ੍ਹਾ ਨੇ ਆਪਣਾ ਨਾਂ ਗੁਪਤ ਰੱਖ ਕੇ ਕਿਹਾ ਕਿ ਯੂਨੀਵਰਸਟੀ ਦੇ ਵੱਖ-ਵੱਖ ਵਿਭਾਗਾਂ ਦੇ ਪ੍ਰੋਫ਼ੈਸਰਾਂ ਵੱਲੋਂ ਉਨ੍ਹਾਂ ਦਾ ਜਿਣਸੀ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਸੇ ਪ੍ਰੋਫੈਸਰ ਦਾ ਹਾਲਾਂਕਿ ਨਾਂਅ ਨਹੀਂ ਲਿਆ ਹੈ, ਪਰ ਇਹ ਪੱਤਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਤੋਂ ਬਾਅਦ ਪੰਜਾਬ ਵਿੱਚ ਹੜਕੰਪ ਮਚ ਗਿਆ। ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਯੂਨੀਵਰਸਿਟੀ ਦੇ ਪ੍ਰਸ਼ਾਸਨ ਉੱਤੇ ਸਵਾਲ ਖੜ੍ਹੇ ਹੋ ਰਹੇ ਸਨ ਜਿਸ ਮਗਰੋਂ ਹੁਣ ਇਹ ਸਪੱਸ਼ਟੀਕਰਨ ਸਾਹਮਣਏ ਆਇਆ ਹੈ।