ਲੁਧਿਆਣਾ:ਪਟਿਆਲਾ ਦੀ ਤਹਿਸੀਲ ਨਾਭਾ ਦੇ ਪਿੰਡ ਸਹੋਲੀ ਦੇ ਇੱਕ ਨੌਜਵਾਨ ਵੱਲੋਂ ਆਪਣੀ ਐਨਆਰਆਈ ਪ੍ਰੇਮਿਕਾ ਦਾ ਸ਼ੋਸ਼ਣ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪਿਛਲੇ ਕਰੀਬ 5 ਸਾਲ ਤੋਂ ਉਕਤ ਨੌਜਵਾਨ ਪ੍ਰੇਮਿਕਾ ਨੂੰ ਵਿਆਹ ਦੇ ਲਾਰੇ ਲਾ ਰਿਹਾ ਸੀ ਕਿ ਉਹ ਵਿਆਹ ਕਰਵਾ ਲਵੇਗਾ। ਇਸ ਦੌਰਾਨ ਉਸ ਨੇ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸ਼ੋਸ਼ਣ ਕੀਤਾ।
ਇਸ ਦੌਰਾਨ ਨੌਜਵਾਨ ਜਸਵੀਰ ਸਿੰਘ ਨੇ ਪ੍ਰੇਮਿਕਾ ਤੋਂ 16 ਲੱਖ ਰੁਪਏ ਅਤੇ 3 ਆਈਫੋਨ ਵੀ ਹੜੱਪ ਲਏ। ਇਸ ਤੋਂ ਬਾਅਦ ਜਦੋ ਵੀ ਉਹ ਵਿਆਹ ਦੀ ਗੱਲ ਕਰਦੀ ਤਾਂ ਉਸਨੂੰ ਸਮਾਂ ਆਉਣ 'ਤੇ ਵਿਆਹ ਕਰਵਾਉਣ ਦੀ ਗੱਲ ਕਰਕੇ ਟਾਲਦਾ ਰਿਹਾ ਅਤੇ ਹੁਣ ਅਖੀਰ ਉਸ ਨੇ ਇਨਕਾਰ ਹੀ ਕਰ ਦਿੱਤਾ ਅਤੇ ਕਿਸੇ ਹੋਰ ਕੁੜੀ ਨਾਲ ਵਿਆਹ ਕਰਵਾ ਲਿਆ। ਉਥੇ ਹੀ ਇਸ ਮਾਮਲੇ ਵਿਚ ਪੀੜਤ ਲੜਕੀ ਦੀ ਭੈਣ ਦੀ ਸ਼ਿਕਾਇਤ 'ਤੇ ਖੰਨਾ ਪੁਲਿਸ ਜਸਵੀਰ ਸਿੰਘ ਦੇ ਖਿਲਾਫ ਬਲਾਤਕਾਰ ਅਤੇ ਧੋਖਾਧੜੀ ਦੇ ਦੋਸ਼ 'ਚ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਜੇਲ੍ਹ ਭੇਜ ਦਿੱਤਾ ਗਿਆ।
ਇਕ ਕੁੜੀ ਨਾਲ ਧੋਖਾ ਕਰਕੇ ਕਿਸੇ ਹੋਰ ਨਾਲ ਕਰਵਾਇਆ ਵਿਆਹ :ਸ਼ਿਕਾਇਤ ਕਰਤਾ ਨੇ ਸਦਰ ਥਾਣਾ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਸਦੀ ਵੱਡੀ ਭੈਣ ਅਮਰੀਕਾ ਦੀ ਨਾਗਰਿਕ ਹੈ। ਮੁਲਜ਼ਮ ਓਹਨਾਂ ਦੀ ਰਿਸ਼ਤੇਦਾਰੀ ਚੋਂ ਹੈ। ਰਿਸ਼ਤੇਦਾਰੀ 'ਚ ਜਾਣ-ਪਛਾਣ ਕਾਰਨ ਜਸਵੀਰ ਸਿੰਘ ਅਤੇ ਉਸਦੀ ਭੈਣ ਦੋਵੇਂ ਦੋਸਤ ਬਣ ਗਏ ਸਨ। ਜਸਵੀਰ ਸਿੰਘ ਉਸਦੀ ਭੈਣ ਨਾਲ ਵਿਆਹ ਕਰਵਾਉਣ ਦੀ ਗੱਲ ਕਰਦਾ ਸੀ।
ਸਾਲ 2018 ਤੋਂ 2022 ਤੱਕ ਜਦੋਂ ਵੀ ਉਸਦੀ ਭੈਣ ਪੰਜਾਬ ਆਉਂਦੀ ਸੀ ਤਾਂ ਜਸਵੀਰ ਸਿੰਘ ਪਿੰਡ ਈਸੜੂ ਵਿਖੇ ਉਸਦੀ ਭੈਣ ਕੋਲ ਹੀ ਰਹਿੰਦਾ ਸੀ। ਜਸਵੀਰ ਉਸ ਦੀ ਭੈਣ ਨਾਲ ਹੀ ਘੁੰਮਦਾ ਰਹਿੰਦਾ ਸੀ। ਦਿੱਲੀ ਤੋਂ ਲੈਣ ਅਤੇ ਵਾਪਸ ਛੱਡਣ ਲਈ ਵੀ ਜਾਂਦਾ ਸੀ। ਉਨ੍ਹਾਂ ਦੇ ਕੁਝ ਰਿਸ਼ਤੇਦਾਰਾਂ ਨੂੰ ਵੀ ਉਨ੍ਹਾਂ ਦੇ ਰਿਸ਼ਤੇ ਬਾਰੇ ਪਤਾ ਸੀ। ਜਿਹਨਾਂ ਨੇ ਦੋਵਾਂ ਨੂੰ ਕਿਹਾ ਸੀ ਕਿ ਓਹਨਾਂ ਦਾ ਜਲਦੀ ਹੀ ਵਿਆਹ ਕਰਵਾ ਦੇਣਗੇ। ਪਰ ਮੁਲਜ਼ਮ ਉਸਦੀ ਭੈਣ ਨੂੰ ਵਿਦੇਸ਼ ਲੈ ਕੇ ਜਾਣ ਲਈ ਦਬਾਅ ਬਣਾ ਰਿਹਾ ਸੀ। ਇਸੇ ਦੌਰਾਨ ਜਸਵੀਰ ਸਿੰਘ ਨੇ ਕਿਸੇ ਹੋਰ ਲੜਕੀ ਨਾਲ ਵਿਆਹ ਕਰਵਾ ਲਿਆ। ਜਦੋਂ ਉਸਦੀ ਭੈਣ ਨੇ ਜਸਵੀਰ ਨਾਲ ਗੱਲਬਾਤ ਕੀਤੀ ਤਾਂ ਉਲਟਾ ਉਸ ਨੂੰ ਹੀ ਧਮਕੀਆਂ ਦੇਣ ਲੱਗਾ।
16 ਲੱਖ ਰੁਪਏ ਤੇ 3 ਆਈਫੋਨ ਹੜੱਪੇ: ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮ ਹੁਣ ਤੱਕ ਉਸ ਦੀ ਭੈਣ ਤੋਂ 16 ਲੱਖ ਰੁਪਏ ਅਤੇ 3 ਆਈਫੋਨ ਹੜੱਪ ਚੁੱਕਾ ਹੈ। ਮਾਮਲੇ ਦੀ ਜਾਂਚ ਕਰ ਰਹੇ ਈਸੜੂ ਚੌਂਕੀ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਪੜਤਾਲ ਮਗਰੋਂ ਮੁਲਜ਼ਮ ਦੇ ਖ਼ਿਲਾਫ ਮੁਕੱਦਮਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰਨ ਉਪਰੰਤ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੋਂ ਉਸ ਨੂੰ ਲੁਧਿਆਣਾ ਜੇਲ੍ਹ ਭੇਜ ਦਿੱਤਾ ਗਿਆ।