ਲੁਧਿਆਣਾ: ਜ਼ਿਲ੍ਹੇ ਦੇ ਗਿਆਸਪੁਰਾ ਦੇ ਸੂਆ ਰੋਡ ’ਤੇ ਜ਼ਹਿਰੀਲੀ ਗੈਸ ਲੀਕ ਹੋਣ ਦੇ ਮਾਮਲੇ ਵਿੱਚ ਐਨਜੀਟੀ ਨੇ ਨੋਟਿਸ ਲੈਂਦੇ ਹੋਏ ਇੱਕ ਜਾਂਚ ਕਮੇਟੀ ਦਾ ਗਠਨ ਕਰਨ ਦਿੱਤਾ ਹੈ। ਦੱਸ ਦਈਏ ਕਿ ਇਹ ਕਮੇਟੀ ਪੂਰੇ ਮਾਮਲੇ ਦੀ ਜਾਂਚ ਕਰਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਰਿਪੋਰਟ ਸੌਂਪੇਗੀ। ਉੱਥੇ ਹੀ, ਪੀਪੀਸੀਬੀ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਸਾਂਝੇ ਤੌਰ ਉੱਤੇ 10 ਟੀਮਾਂ ਦਾ ਗਠਨ ਕੀਤਾ ਗਿਆ ਅਤੇ ਘਟਨਾ ਵਾਲੀ ਥਾਂ ਦੇ ਨੇੜੇ 231 ਉਦਯੋਗਿਕ ਯੂਨਿਟਾਂ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਖੇਤਰ ਵਿੱਚ 80 ਫੀਸਦੀ ਉਦਯੋਗਿਕ ਇਕਾਈਆਂ ਰੈਡ ਕੈਟੇਗਰੀ ਵਿੱਚ ਆਉਂਦੀਆਂ ਹਨ। ਫੈਕਟਰੀਆਂ ਕੋਲੋਂ ਜਾਂਦੇ ਸੀਵਰੇਜ ਦੇ ਸੈਂਪਲ ਵੀ ਇਕਠੇ ਕੀਤੇ ਜਾ ਰਹੇ ਹਨ।
ਸੂਆ ਰੋਡ ਤੋਂ ਗੋਲਡਨ ਪੈਲੇਸ ਤੱਕ ਸੜਕ ਬੰਦ:ਸੂਆ ਰੋਡ ਤੋਂ ਗੋਲਡਨ ਪੈਲੇਸ ਨੂੰ ਜਾਣ ਵਾਲਾ ਰਸਤਾ ਗੈਸ ਲੀਕ ਹੋਣ ਕਾਰਨ ਪੁਲਿਸ ਵੱਲੋਂ ਬੰਦ ਕਰ ਦਿੱਤੇ ਗਏ ਸੀ। ਗੈਸ ਦਾ ਅਸਰ ਕਾਫੀ ਹੱਦ ਤੱਕ ਘਟ ਗਿਆ ਹੈ, ਪਰ ਫਿਰ ਵੀ ਇਲਾਕਾ ਸੀਲ ਰੱਖਿਆ ਗਿਆ। ਅਜੇ ਵੀ ਬਜ਼ੁਰਗਾਂ ਅਤੇ ਬੱਚਿਆਂ ਨੂੰ ਘਟਨਾ ਸਥਾਨ ਦੇ ਨੇੜੇ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਅਧਿਕਾਰੀ ਲਗਾਤਾਰ ਉਸ ਖੇਤਰ ਦੀ ਨਿਗਰਾਨੀ ਕਰ ਰਹੇ ਹਨ। ਇਸ ਦੇ ਨਾਲ ਹੀ NDRF ਦੀ ਟੀਮ ਵੀ ਮੌਕੇ 'ਤੇ ਮੌਜੂਦ ਹੈ।
ਇਸ ਤੋਂ ਪਹਿਲਾਂ ਗੈਸ ਲੀਕ ਮਾਮਲੇ 'ਚ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਹੁਣ ਤੱਕ ਲੱਗੇ ਸੀਸੀਟੀਵੀ ਕੈਮਰਿਆਂ 'ਚ ਅਜਿਹਾ ਕੁਝ ਵੀ ਸਾਹਮਣੇ ਨਹੀਂ ਆਇਆ ਹੈ ਕਿ ਕੋਈ ਵਿਅਕਤੀ ਜਾਂ ਟੈਂਕਰ ਸੀਵਰੇਜ 'ਚ ਕੈਮੀਕਲ ਪਾ ਰਿਹਾ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸ.ਆਈ.ਟੀ. ਐਸਆਈਟੀ ਕਮੇਟੀ ਵਿੱਚ ਇਨਵੈਸਟੀਗੇਸ਼ਨ ਡੀਸੀਪੀ ਹਰਮੀਤ ਹੁੰਦਲ, ਏਡੀਸੀਪੀ-2 ਸੁਹੇਲ ਮੀਰ, ਏਡੀਸੀਪੀ-4 ਤੁਸ਼ਾਰ ਗੁਪਤਾ, ਏਸੀਪੀ ਸਾਊਥ ਅਤੇ ਐਸਐਚਓ ਸ਼ਾਮਲ ਹਨ। ਪੁਲਿਸ ਕਮਿਸ਼ਨਰ ਸਿੱਧੂ ਨੇ ਦੱਸਿਆ ਕਿ ਇਹ ਸਨਅਤੀ ਕੂੜਾ ਪਹਿਲੀ ਵਾਰ ਡੰਪ ਨਹੀਂ ਕੀਤਾ ਗਿਆ। ਸਨਅਤੀ ਕੂੜਾ ਅਕਸਰ ਇਨ੍ਹਾਂ ਸੀਵਰੇਜਾਂ ਵਿੱਚ ਡੰਪ ਕੀਤਾ ਜਾਂਦਾ ਰਿਹਾ ਹੈ। ਜ਼ਿਲ੍ਹਾ ਪੁਲੀਸ ਇਸ ਮਾਮਲੇ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਵੀ ਪੁੱਛਗਿੱਛ ਕਰੇਗੀ। ਇਸ ਮਾਮਲੇ ਨੂੰ ਹਲਕੇ ਵਿੱਚ ਨਹੀਂ ਲੈਣ ਦਿੱਤਾ ਜਾਵੇਗਾ। ਨੋਡਲ ਏਜੰਸੀ ਕੋਲ ਇਹਨਾਂ ਉਦਯੋਗਾਂ ਦਾ ਰਿਕਾਰਡ ਹੈ।