ਲੁਧਿਆਣਾ:ਗਿਆਸਪੁਰਾ ਇਲਾਕੇ ਦੇ ਵਿੱਚ 30 ਅਪ੍ਰੈਲ ਨੂੰ ਜ਼ਹਿਰੀਲੀ ਗੈਸ ਲੀਕ ਹੋਣ ਕਰਕੇ 11 ਲੋਕਾਂ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ। ਉੱਥੇ ਹੀ ਇੱਕ ਜਾਂਚ ਲੁਧਿਆਣਾ ਐਸਡੀਐਮ ਪੱਛਮੀ ਨੂੰ ਸੋਪੀ ਗਈ ਸੀ, ਜਿਨ੍ਹਾਂ ਵੱਲੋਂ ਰਿਪੋਰਟ ਤਿਆਰ ਕਰਕੇ NGT ਨੂੰ ਭੇਜ ਦਿੱਤੀ ਗਈ ਹੈ। ਇਸ ਰਿਪੋਰਟ ਦੇ ਵਿੱਚ ਕਿਸੇ ਵੀ ਵਿਭਾਗ ਨੂੰ ਇਨ੍ਹਾਂ ਮੌਤਾਂ ਲਈ ਜ਼ਿੰਮੇਵਾਰ ਨਹੀਂ ਮੰਨਿਆ ਗਿਆ ਹੈ। ਇਸ ਰਿਪੋਰਟ ਦੇ ਵਿੱਚ ਉਲਟਾ ਮਰਨ ਵਾਲਿਆਂ ਦੇ ਘਰ ਬਣਾਉਣ ਦੇ ਢੰਗ ਨੂੰ ਮੌਤ ਦਾ ਕਾਰਨ ਮੰਨਿਆ ਗਿਆ ਹੈ ਅਤੇ ਬਹੁਤ ਪੁਰਾਣੇ ਘਰ ਹੋਣ ਕਰਕੇ ਉਹਨਾਂ ਵੱਲੋਂ ਕੋਈ ਵੀ ਨਕਸ਼ਾ ਪਾਸ ਨਾ ਕਰਵਾਉਣ ਨੂੰ ਹੀ ਕਥਿਤ ਤੌਰ ਉੱਤੇ ਜ਼ਿੰਮੇਵਾਰ ਦੱਸਿਆ ਗਿਆ ਹੈ।
ਮੌਤਾਂ ਹਾਈਡ੍ਰੋਜਨ ਸਲਫਾਈਡ ਕਰਕੇ ਹੋਈਆਂ:ਲੁਧਿਆਣਾ ਪੱਛਮੀ ਦੇ ਐੱਸਡੀਐੱਮ ਹਰਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਰ ਵਿਭਾਗ ਤੋਂ ਪੜਤਾਲ ਕੀਤੀ ਗਈ ਅਤੇ ਲੋਕਾਂ ਨਾਲ ਗੱਲਬਾਤ ਕਰਨ ਤੋਂ ਇਲਾਵਾ ਇਲਾਕੇ ਵਿੱਚ ਚੱਲਣ ਵਾਲੀਆਂ ਫੈਕਟਰੀਆਂ, ਤਕਨੀਕੀ ਟੀਮਾਂ, ਪ੍ਰਦੂਸ਼ਣ ਕੰਟਰੋਲ ਬੋਰਡ, ਨਗਰ ਨਿਗਮ ਅਤੇ ਸਿਵਲ ਸਰਜਨ ਤੋਂ ਸਾਰੀ ਜਾਂਚ ਕਰਵਾਉਣ ਤੋਂ ਬਾਅਦ ਇਹ ਰਿਪੋਰਟ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਮਹਿਕਮੇ ਦੀ ਇਸ ਵਿੱਚ ਸਿੱਧੀ ਜ਼ਿੰਮੇਵਾਰੀ ਨਹੀਂ ਤੈਅ ਕੀਤੀ ਜਾ ਸਕਦੀ ਕਿਉਂਕਿ ਮੌਤਾਂ ਹਾਈਡ੍ਰੋਜਨ ਸਲਫਾਇਡ ਕਰਕੇ ਹੋਈਆਂ ਨੇ ਜੋਕਿ ਅਕਸਰ ਹੀ ਸੀਵਰੇਜ ਵਿੱਚ ਪਾਈ ਜਾਂਦੀ ਹੈ।
ਲੁਧਿਆਣਾ ਦੇ ਗਿਆਸਪੁਰਾ ਗੈਸ ਲੀਕ ਕਾਂਡ ਲਈ ਨਹੀਂ ਕੋਈ ਜ਼ਿੰਮੇਵਾਰ, ਐੱਸਡੀਐੱਮ ਪੱਛਮੀ ਨੇ ਸੌਂਪੀ ਰਿਪੋਰਟ
ਲੁਧਿਆਣਾ ਦੇ ਗਿਆਸਪੁਰਾ ਵਿੱਚ ਵਾਪਰੇ ਗੈਸ ਕਾਂਡ ਦੌਰਾਨ 11 ਲੋਕਾਂ ਦੀ ਮੌਤ ਹੋ ਗਈ ਸੀ। ਹੁਣ ਮਾਮਲੇ ਦੀ ਜਾਂਚ ਕਰ ਰਹੇ ਐੱਸਡੀਐੱਮ ਨੇ ਆਪਣੀ ਰਿਪੋਰਟ ਤਿਆਰ ਕਰਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਭੇਜੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਰਿਪੋਰਟ ਵਿੱਚ ਕਿਸੇ ਨੂੰ ਵੀ ਗੈਸ ਕਾਂਡ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ।
ਸੀਵਰੇਜ ਕੁਨੈਕਸ਼ਨ: ਐੱਸਡੀਐੱਮ ਨੇ ਰਿਪੋਰਟ ਵਿੱਚ ਸਾਫ ਕੀਤਾ ਕੇ ਜਿਸ ਦਿਨ ਇਹ ਗੈਸ ਕਾਂਡ ਹੋਇਆ ਉਸ ਦਿਨ ਇਲਾਕੇ ਵਿੱਚ ਕੋਈ ਵੀ ਅਜਿਹੀ ਫੈਕਟਰੀ ਨਹੀਂ ਚੱਲ ਰਹੀ ਸੀ। ਉਨ੍ਹਾ ਕਿਹਾ ਕਿ 1998 ਦੇ ਕਰੀਬ ਆਰਤੀ ਕਲੀਨਿਕ ਅਤੇ ਹੋਰ ਨੇੜੇ-ਤੇੜੇ ਦੀਆਂ ਇਮਾਰਤਾਂ ਦੀ ਗੈਰ ਕਾਨੂੰਨੀ ਢੰਗ ਨਾਲ ਉਸਾਰੀ ਹੋਈ ਸੀ। ਜਿਸ ਕਾਰਨ ਉਨ੍ਹਾਂ ਨੇ ਗਲਤ ਢੰਗ ਨਾਲ ਸੀਵਰੇਜ ਕੁਨੈਕਸ਼ਨ ਜੋੜੇ ਹੋਏ ਸਨ ਅਤੇ ਨਗਰ ਨਿਗਮ ਦੀ ਟੀਮ ਵੱਲੋਂ ਇਹ ਖੁਲਾਸਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਹੁਣ NGT ਅਗਲੇਰੀ ਜਾਂਚ ਕਰੇਗੀ। ਉਨ੍ਹਾ ਮੁਤਾਬਿਕ ਅਸੀਂ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਹੋਰ ਮਹਿਕਮਿਆਂ ਨੂੰ ਅੱਗੇ ਤੋਂ ਆਪਣੀ ਨਜ਼ਰਸਾਨੀ ਹੋਰ ਤੇਜ਼ ਕਰਨ ਦੀ ਗੱਲ ਕਹੀ ਹੈ।