ਆਂਗਣਵਾੜੀ ਸੈਂਟਰ ਦਾ ਮਾੜਾ ਹਾਲ ਲੁਧਿਆਣਾ:ਖੰਨਾ ਦੇ ਦਲੀਪ ਸਿੰਘ ਨਗਰ ਵਿਖੇ ਆਂਗਣਵਾੜੀ ਸੈਂਟਰ ਦਾ ਹਾਲ ਇਹ ਹੈ ਕਿ ਇੱਥੇ 30 ਤੋਂ 40 ਬੱਚਿਆਂ ਦਾ ਦਾਖਲਾ ਹੋਇਆ ਹੈ। ਪਰ, ਇੱਕ ਕਮਰੇ ਅੰਦਰ ਚੱਲ ਰਹੇ ਇਸ ਸੈਂਟਰ 'ਚ ਸਾਮਾਨ ਰੱਖਣ ਨੂੰ ਥਾਂ ਨਹੀਂ ਹੈ, ਤਾਂ ਬੱਚੇ ਕਿੱਥੇ ਬਿਠਾਏ ਜਾਣ। ਕਮਰੇ ਅੰਦਰ ਸੈਂਟਰ ਦਾ ਸਾਮਾਨ ਰੱਖਿਆ ਗਿਆ ਹੈ। ਬੱਚੇ ਬਿਠਾਉਣ ਲਈ ਨਾਲ ਬਣੇ ਕਮਿਉਨਿਟੀ ਸੈਂਟਰ ਦਾ ਦਰਵਾਜਾ ਖੁੱਲ੍ਹਵਾਉਣਾ ਪੈਂਦਾ ਹੈ। ਇੰਨਾ ਨਹੀਂ ਇਹਨਾਂ ਸੈਂਟਰਾਂ ਅੰਦਰ ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਦਾ ਟੀਕਾਕਰਨ ਵੀ ਕੀਤਾ ਜਾਂਦਾ ਹੈ। ਪ੍ਰੰਤੂ, ਅੱਜ ਵੀ ਕਈ ਅਜਿਹੇ ਆਂਗਣਵਾੜੀ ਸੈਂਟਰ ਹਨ, ਜਿੱਥੇ ਬੁਨਿਆਦੀ ਸਹੂਲਤਾਂ ਵੀ ਨਹੀਂ ਮਿਲ ਰਹੀਆਂ।
ਬੱਚਿਆਂ ਲਈ ਬਿਜਲੀ-ਪਾਣੀ-ਬਾਥਰੂਮ ਦੀ ਸਹੂਲਤ ਨਹੀਂ: ਖੰਨਾ ਦੇ ਦਲੀਪ ਸਿੰਘ ਨਗਰ ਵਿਖੇ ਬਣੇ ਆਂਗਣਵਾੜੀ ਸੈਂਟਰ ਦਾ ਹਾਲ ਇੰਨਾ ਮਾੜਾ ਹੈ ਕਿ ਇੱਥੇ ਬਿਜਲੀ ਅਤੇ ਪਾਣੀ ਤੱਕ ਦੀ ਸਹੂਲਤ ਨਹੀਂ ਹੈ। ਇਹ ਸੈਂਟਰ ਸਰਕਾਰ ਅਤੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਿਹਾ ਹੈ। ਆਂਗਣਵਾੜੀ ਹੈਲਪਰ ਨੇ ਦੱਸਿਆ ਕਿ ਇੱਥੇ ਬੱਚਿਆਂ ਲਈ ਬਿਜਲੀ, ਪਾਣੀ ਦੀ ਸਹੂਲਤ ਵੀ ਨਹੀਂ ਹੈ। ਇੱਥੋ ਤੱਕ ਕਿ ਬਾਥਰੂਮ ਵੀ ਬੱਚੇ ਘਰਾਂ ਨੂੰ ਜਾਂਦੇ ਹਨ। ਪੱਖੇ ਲੱਗੇ ਹੋਏ ਹਨ, ਪਰ ਹਵਾ ਦੇਣ ਵਿੱਚ ਅਸਮਰਥ ਨੇ, ਕਿਉਂਕਿ ਬਿਜਲੀ ਦਾ ਕੁਨੈਕਸ਼ਨ ਹੀਂ ਨਹੀਂ ਹੈ।
ਕਮਿਉਨਿਟੀ ਸੈਂਟਰ ਦੀਆਂ ਖਿੜਕੀਆਂ ਵੀ ਨਹੀਂ ਹਨ। ਆਲੇ ਦੁਆਲੇ ਜੰਗਲ ਬਣਿਆ ਹੋਇਆ ਹੈ। ਬਰਸਾਤ ਦਾ ਮੌਸਮ ਹੈ, ਤਾਂ ਬੱਚਿਆਂ ਦੀ ਜਾਨ ਨੂੰ ਵੀ ਖ਼ਤਰਾ ਹੈ। ਪੀਣ ਵਾਲੇ ਪਾਣੀ ਦੀ ਗੱਲ ਕਰੀਏ ਤਾਂ ਇੱਥੇ ਲੱਗਿਆ ਨਲਕਾ ਵੀ ਕਈ ਸਾਲਾਂ ਤੋਂ ਬੰਦ ਪਿਆ ਹੈ। ਬੱਚੇ ਘਰਾਂ ਤੋਂ ਪਾਣੀ ਲੈ ਕੇ ਆਉਂਦੇ ਹਨ। ਕੋਈ ਬਾਥਰੂਮ ਤੱਕ ਨਹੀਂ ਬਣਿਆ ਹੋਇਆ ਜਿਸ ਕਰਕੇ ਮਹਿਲਾ ਮੁਲਾਜ਼ਮਾਂ ਨੂੰ ਬਹੁਤ ਮੁਸ਼ਕਲਾਂ ਆ ਰਹੀਆਂ ਹਨ।
ਪਰਦੇ ਪਾਉਂਦੇ ਨਜ਼ਰ ਆਏ ਵਰਕਰ ਤੇ ਸੀਡੀਪੀਓ:ਜਦੋਂ ਆਂਗਣਵਾੜੀ ਸੈਂਟਰ ਦੀ ਵਰਕਰ ਰਾਜਵਿੰਦਰ ਕੌਰ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਬੇਵਸੀ ਪ੍ਰਗਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕਈ ਵਾਰ ਇਲਾਕੇ ਦੇ ਕੌਂਸਲਰ ਅਤੇ ਬਾਲ ਵਿਕਾਸ ਪ੍ਰੋਜੈਕਟ ਅਧਿਕਾਰੀ (ਸੀਡੀਪੀਓ) ਨੂੰ ਜਾਣੂੰ ਕਰਾਇਆ ਹੈ। ਆਪਣੇ ਪੱਧਰ ਉਪਰ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਈ ਵਾਰ ਸਫ਼ਾਈ ਵੀ ਕੀਤੀ ਗਈ ਹੈ। ਹੁਣ ਫਿਰ ਇਹ ਹਾਲ ਹੋ ਗਿਆ ਹੈ। ਪਹਿਲਾਂ ਕੌਂਸਲਰ ਨੇ ਗੁਆਂਢੀਆਂ ਤੋਂ ਬਿਜਲੀ ਦਾ ਪ੍ਰਬੰਧ ਕਰਕੇ ਦਿੱਤਾ ਸੀ। ਹੁਣ ਉਥੋਂ ਬਿਜਲੀ ਨਹੀਂ ਮਿਲ ਰਹੀ ਹੈ, ਪ੍ਰੰਤੂ ਹੁਣ ਮੀਟਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਦੂਜੇ ਪਾਸੇ, ਸੀਡੀਪੀਓ ਵੱਲੋਂ ਵੀ ਕੌਂਸਲਰ ਨੂੰ ਕਿਹਾ ਗਿਆ ਹੈ ਕਿ ਬਿਜਲੀ ਦਾ ਪ੍ਰਬੰਧ ਕੀਤਾ ਜਾਵੇ। ਆਂਗਣਵਾੜੀ ਹੈਲਪਰ ਨੇ ਕਿਹਾ ਕਿ ਸੈਂਟਰ ਚ 3 ਤੋਂ 6 ਸਾਲ ਤੱਕ ਕੇ 30 ਤੋਂ 35 ਬੱਚੇ ਆਉਂਦੇ ਹਨ। ਸੈਂਟਰ ਚ ਬਿਜਲੀ ਨਹੀਂ ਹੈ ਪ੍ਰੰਤੂ ਪੱਖਾ ਲੱਗਿਆ ਹੋਇਆ ਹੈ। ਪਾਣੀ ਨਾਲ ਪੈਂਦੀ ਡਿਸਪੈਂਸਰੀ ਤੋਂ ਲਿਆ ਕੇ ਬੱਚਿਆਂ ਨੂੰ ਦਿੱਤਾ ਜਾਂਦਾ ਹੈ। ਬਾਥਰੂਮ ਹਾਲੇ ਤੱਕ ਕੋਈ ਨਹੀਂ ਬਣਿਆ ਹੈ। ਬੱਚੇ ਵੀ ਬਾਥਰੂਮ ਆਪਣੇ ਘਰ ਜਾਂਦੇ ਹਨ। 6 ਮਹੀਨੇ ਪਹਿਲਾਂ ਦਲੀਪ ਸਿੰਘ ਨਗਰ ਵਿਖੇ ਸਹੂਲਤਾਂ ਮੁਹੱਈਆ ਕਰਾਈਆਂ ਗਈਆਂ ਸੀ। ਹੁਣ ਮੁੜ ਇਹ ਹਾਲ ਬਣ ਗਏ ਹਨ। ਦੁਬਾਰਾ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ (ਈਓ) ਨੂੰ ਰਿਪੋਰਟ ਭੇਜ ਕੇ ਇਹ ਸਹੂਲਤਾਂ ਪ੍ਰਦਾਨ ਕਰਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਲਾਕਾ ਵੱਡਾ ਹੋਣ ਕਰਕੇ ਉਥੇ ਬਾਹਰਲੇ ਪਾਸੇ ਜੰਗਲ ਵਰਗੇ ਹਾਲ ਬਣ ਗਏ ਹਨ। ਕੌਂਸਲਰ ਨੂੰ ਕਹਿ ਕੇ ਸਫ਼ਾਈ ਕਰਾਈ ਜਾਵੇਗੀ।