ਖੰਨਾ : ਪੰਜਾਬ ਸਰਕਾਰ ਵੱਲੋਂ ਖੰਨਾ ਦੇ ਸਰਕਾਰੀ ਹਸਪਤਾਲ ਵਿੱਚ ਨਵੀਂ ਸੁਵਿਧਾ ਦਿੱਤੀ ਗਈ ਹੈ। ਇੱਥੇ ਹੁਣ ਨਵਜੰਮੇ ਬੱਚਿਆਂ ਨੂੰ ਪੀਲੀਆ ਹੋਣ ਉੱਤੇ ਬਿਲਕੁਲ ਮੁਫ਼ਤ ਖੂਨ ਬਦਲਣ ਦੀ ਸਿਹਤ ਸਹੂਲਤ ਮਿਲੇਗੀ। ਇਸ ਤੋਂ ਪਹਿਲਾਂ ਬੱਚਿਆਂ ਨੂੰ ਚੰਡੀਗੜ੍ਹ ਤੇ ਪਟਿਆਲਾ ਰੈਫਰ ਕਰਨਾ ਪੈਂਦਾ ਸੀ। ਪਹਿਲੇ ਕੇਸ ਵਿੱਚ ਡਾਕਟਰ ਨੇ ਇੱਕ ਬੱਚੇ ਦੀ ਜਾਨ ਵੀ ਬਚਾਈ ਹੈ।
ਬੱਚੇ ਦੀ ਬਚਾਈ ਜਾਨ :ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਅਰਜੁਨ ਸਖਾ ਭੱਲਾ ਨੇ ਦੱਸਿਆ ਕਿ ਆਮ ਤੌਰ ਉੱਤੇ ਨਵਜੰਮੇ ਬੱਚਿਆਂ ਨੂੰ ਪੀਲੀਆ ਦੀ ਸ਼ਿਕਾਇਤ ਰਹਿੰਦੀ ਹੈ ਪਰ ਕਈ ਕੇਸਾਂ ਵਿੱਚ ਜਦੋਂ ਮਾਂ ਅਤੇ ਬੱਚੇ ਦਾ ਖੂਨ ਨਹੀਂ ਮਿਲਦਾ ਅਤੇ ਪੀਲੀਆ ਦੀ ਸ਼ਿਕਾਇਤ ਵੀ ਹੁੰਦੀ ਹੈ ਤਾਂ ਉਸ ਕੇਸ ਵਿੱਚ ਬੱਚੇ ਨੂੰ ਖ਼ਤਰਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਤੋਂ ਸਰਕਾਰੀ ਹਸਪਤਾਲ ਖੰਨਾ ਵਿਖੇ ਇਹ ਸਹੂਲਤ ਸ਼ੁਰੂ ਕੀਤੀ ਗਈ ਹੈ। ਪਹਿਲੇ ਕੇਸ ਵਿੱਚ ਬੱਚੇ ਦਾ ਪੀਲੀਆ 24 ਤੱਕ ਪਹੁੰਚ ਗਿਆ ਸੀ। ਬੱਚੇ ਦਾ ਖੂਨ ਬਦਲਣਾ ਜ਼ਰੂਰੀ ਸੀ ਅਤੇ ਤੁਰੰਤ ਬੱਚੇ ਦਾ ਖੂਨ ਬਦਲਿਆ ਗਿਆ। ਇਸ ਨਾਲ ਪੀਲੀਆ 12 ਤੱਕ ਆ ਗਿਆ ਹੈ। ਬੱਚੇ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਸਾਰਾ ਇਲਾਜ ਮੁਫ਼ਤ ਕੀਤਾ ਗਿਆ ਹੈ।