ਲੁਧਿਆਣਾ:ਕੋਰੋਨਾ ਮਹਾਂਮਾਰੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ, ਜਿਸ ’ਤੇ ਠੱਲ ਪਾਉਣ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਹਿਮ ਫ਼ੈਸਲਾ ਲਿਆ ਗਿਆ ਹੈ। ਦੱਸ ਦਈਏ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਵਿਡ ਕੰਟਰੋਲ ਰੂਮ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਅਤਿ ਆਧੁਨਿਕ ਸੁਵਿਧਾਵਾਂ ਹਨ। ਇਸ ਦੀ ਸ਼ੁਰੂਆਤ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਵੱਲੋਂ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਹੁਣ ਪਿੰਡਾਂ ਦੇ ਵਿੱਚ ਵੀ ਕੋਰੋਨਾ ਦੇ ਕੇਸ ਵਧ ਰਹੇ ਹਨ। ਜਿਸ ਦੇ ਮੱਦੇਨਜ਼ਰ ਇਸ ਕੰਟਰੋਲ ਰੂਮ ਨੂੰ ਤਿਆਰ ਕੀਤਾ ਗਿਆ ਹੈ। ਲੁਧਿਆਣਾ ਦੇ ਭਾਰਤ ਨਗਰ ਚੌਕ ਵਿੱਚ ਸਥਿਤ ਕੁੜੀਆਂ ਦੇ ਸਰਕਾਰੀ ਕਾਲਜ ਵਿੱਚ ਕਾਲਜ ਦੇ ਪ੍ਰਬੰਧਕਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਇਸ ਨੂੰ ਬਣਾਇਆ ਗਿਆ ਹੈ।
ਲੋਕਾਂ ਲਈ ਬਣਾਇਆ ਗਿਆ ਕੋਵਿਡ ਕੰਟਰੋਲ ਰੂਮ
ਇਸ ਮੌਕੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਕਿਹਾ ਕਿ ਕੰਟਰੋਲ ਰੂਮ ਪਹਿਲਾਂ ਵੀ ਚੱਲ ਰਹੇ ਹਨ ਪਰ ਲਗਾਤਾਰ ਵਧ ਰਹੇ ਪਿੰਡਾਂ ਵਿੱਚ ਕੇਸਾਂ ਦੇ ਮੱਦੇਨਜ਼ਰ ਇੱਕ ਵੱਡਾ ਕੋਵਿਡ ਕੰਟਰੋਲ ਰੂਮ ਬਣਾਇਆ ਗਿਆ ਜਿਸ ਦੀ ਸ਼ੁਰੂਆਤ ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਬਾਕੀ ਸ਼ਹਿਰਾਂ ਅਤੇ ਪਿੰਡਾਂ ਦੇ ਹੈਲਪਲਾਈਨ ਨੰਬਰਾਂ ਤੋਂ ਇਲਾਵਾ 0161-2403111 ਨੰਬਰ ਵਿਸ਼ੇਸ਼ ਤੌਰ ’ਤੇ ਜਾਰੀ ਕੀਤਾ ਗਿਆ ਹੈ। ਜਿਸ ਨੂੰ ਡਾਇਲ ਕਰਕੇ ਕਿਸੇ ਵੀ ਸਮੇਂ ਫੋਨ ਕਰ ਕੇ ਮਦਦ ਲਈ ਜਾ ਸਕਦੀ ਹੈ।