ਲੁਧਿਆਣਾ: ਵੱਖ-ਵੱਖ ਜਥੇਬੰਦੀਆਂ ਵੱਲੋਂ ਦਿੱਲੀ ਬਾਰਡਰ 'ਤੇ ਆਪਣੀਆਂ ਹੱਕੀ ਮੰਗਾਂ ਲਈ ਲੜਾਈ ਲੜ ਰਹੇ ਕਿਸਾਨਾ ਦੀ ਮਦਦ ਕੀਤੀ ਜਾ ਰਹੀ ਹੈ। ਇਸੇ ਦੇ ਮੱਦੇਨਜ਼ਰ ਲੁਧਿਆਣਾ ਸ਼ਹਿਰੀਆਂ ਵੱਲੋਂ ਵੀ ਸਰਾਭਾ ਨਗਰ ਮਾਰਕੀਟ ਵਿੱਚ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ।
'ਲੁਧਿਆਣਾ ਫੌਰ ਫਾਰਮਰਜ਼' ਮੁਹਿੰਮ ਤਹਿਤ ਦਿੱਲੀ ਬੈਠੇ ਕਿਸਾਨਾਂ ਲਈ ਕੰਬਲ, ਗਰਮ ਕੱਪੜੇ, ਲੋੜਵੰਦ ਵਸਤਾਂ ਦੇ ਨਾਲ ਪੱਗਾਂ ਆਦਿ ਵੀ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੁਹਿੰਮ ਵਿੱਚ ਲੋਕ ਵੱਧ ਚੜ੍ਹਕੇ ਹਿੱਸਾ ਲੈ ਰਹੇ ਹਨ ਤਾਂ ਜੋ ਕਿਸਾਨ ਅੰਦੋਲਨ ਵਿੱਚ ਸ਼ਹਿਰੀਆਂ ਵੱਲੋਂ ਵੀ ਹਿੱਸਾ ਪਾਇਆ ਜਾ ਸਕੇ।
ਮੁਹਿੰਮ ਦੇ ਮੁੱਖ ਪ੍ਰਬੰਧਕ ਹਰਜਿੰਦਰ ਸਿੰਘ ਕੁਕਰੇਜਾ ਨੇ ਦੱਸਿਆ ਕਿ ਲੁਧਿਆਣਾ ਸ਼ਹਿਰੀ ਵਾਸੀ ਵੀ ਕਿਸਾਨ ਅੰਦੋਲਨ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹਨ। ਇਸ ਕਰਕੇ ਉਨ੍ਹਾਂ ਵੱਲੋਂ ਇਹ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਤਹਿਤ ਵੱਧ ਤੋਂ ਵੱਧ ਸਾਮਾਨ ਇਕੱਠਾ ਕਰਕੇ ਕਿਸਾਨਾਂ ਤਕ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਕਿਸੇ ਤਰ੍ਹਾਂ ਦਾ ਕੈਸ਼ ਨਹੀਂ ਲਿਆ ਜਾ ਰਿਹਾ ਸਿਰਫ਼ ਸਾਮਾਨ ਲਿਆ ਜਾ ਰਿਹਾ ਹੈ ਜੋ ਸਿੱਧਾ ਕਿਸਾਨਾਂ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡਾਂ ਸਮੇਤ ਸ਼ਹਿਰਾਂ ਦੇ ਲੋਕ ਵੀ ਕਿਸਾਨਾਂ ਦੇ ਨਾਲ ਖੜ੍ਹੇ ਹਨ ਅਤੇ ਉਨ੍ਹਾਂ ਦੀ ਹਰ ਮਦਦ ਲਈ ਤਿਆਰ ਹਨ।
ਸਰਾਭਾ ਨਗਰ ਦੇ ਰਹਿਣ ਵਾਲੇ ਕੁਲਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਗਿਆਰਾਂ ਵੱਖ-ਵੱਖ ਰੰਗਾਂ ਦੀਆਂ ਪੱਗਾਂ ਕਿਸਾਨਾਂ ਲਈ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਹੁਣ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਕਿਉਂਕਿ ਇਹ ਕਿਸਾਨ ਵਿਰੋਧੀ ਹਨ ਅਤੇ ਜੇਕਰ ਕਿਸਾਨ ਹੀ ਨਹੀਂ ਚਾਹੁੰਦੇ ਕਿ ਇਹ ਲਾਗੂ ਹੋਣ ਤਾਂ ਸਰਕਾਰ ਨੂੰ ਜਬਰਨ ਇਹ ਕਾਨੂੰਨ ਲਾਗੂ ਨਹੀਂ ਕਰਨੇ ਚਾਹੀਦੇ।