ਚੰਡੀਗੜ੍ਹ :ਪੰਜਾਬ ਦੇ ਮੁੱਦਿਆਂ ’ਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਦਿੱਤੇ ਗਏ ਖੁੱਲ੍ਹੇ ਬਹਿਸ ਦੇ ਸੱਦੇ ’ਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਤੀਕਰਮ ਦਿੱਤਾ ਹੈ। ਜਾਖੜ ਨੇ ਕਿਹਾ ਕਿ ਉਹ ਪੰਜਾਬ ਦੇ ਮਸਲੇ ’ਤੇ ਬਹਿਸ ਕਰਨ ਲਈ ਹਰ ਸਮੇਂ ਤਿਆਰ ਹਨ ਪਰ ਪਹਿਲਾਂ ਮੁੱਖ ਮੰਤਰੀ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣ। ਜਾਖੜ ਨੇ ਟਵੀਟ ਕਰਦਿਆਂ ਆਖਿਆ ਕਿ ‘ਤੂੰ ਇਧਰ ਉਧਰ ਕੀ ਬਾਤ ਨਾ ਕਰ, ਯੇ ਬਤਾ ਕਿ ਕਾਫ਼ਲਾ ਕਿਉਂ ਲੂਟਾ!’। ਜਾਖੜ ਨੇ ਆਖਿਆ ਕਿ ਭਗਵੰਤ ਮਾਨ ਜੀ, ਪੰਜਾਬ ਦੇ ਹਰ ਮੁੱਦੇ 'ਤੇ ਬਹਿਸ ਕਰਨ ਲਈ ਅਸੀਂ ਹਰ ਸਮੇਂ ਤਿਆਰ ਹਾਂ। ਪਹਿਲਾਂ ਤੁਸੀਂ ਇਹ ਤਾਂ ਦੱਸੋ ਕਿ ਪੰਜਾਬ ਦੇ ਪਾਣੀਆਂ ਦੇ ਗੰਭੀਰ ਮਸਲੇ ’ਤੇ ਤੁਸੀਂ ਕਿਹੜੇ ਦਬਾਅ ਜਾਂ ਸਿਆਸੀ ਹਿੱਤਾਂ ਦੀ ਪੂਰਤੀ ਲਈ ਸੁਪਰੀਮ ਕੋਰਟ ਵਿੱਚ ਗੋਡੇ ਟੇਕੇ। ਪੰਜਾਬ ਮੰਗਦਾ ਜਵਾਬ।
ਗਰਮਾਉਣ ਲੱਗੀ ਸਿਆਸਤ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੁਨੀਲ ਜਾਖੜ, ਸੁਖਬੀਰ ਬਾਦਲ ਅਤੇ ਰਾਜਾ ਵੜਿੰਗ ਦੇ ਨਾਲ ਪ੍ਰਤਾਪ ਬਾਜਵਾ ਨੂੰ ਮੀਡੀਆ ਸਾਹਮਣੇ ਬੈਠ ਇੱਕ ਨਵੰਬਰ ਪੰਜਾਬ ਦਿਵਸ ਮੌਕੇ ਬਹਿਸ ਦਾ ਖੁੱਲਾ ਸੱਦਾ ਦਿੱਤਾ ਹੈ। ਜਿਸ ਨੂੰ ਲੈ ਕੇ ਹੁਣ ਸਿਆਸਤ ਗਰਮਾਉਣ ਲੱਗੀ ਹੈ। ਭਗਵੰਤ ਮਾਨ ਨੇ ਕਿਹਾ ਹੈ ਕਿ ਸਾਰੇ ਇਸ ਮੁੱਦੇ ਨੂੰ ਆਪੋ ਆਪਣੀ ਤਿਆਰੀ ਵੀ ਕਰ ਸਕਦੇ ਹਨ। ਪਰ ਉਹਨਾਂ ਨੂੰ ਤਿਆਰੀ ਦੀ ਲੋੜ ਨਹੀਂ ਹੈ। ਉਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਰਹੇ ਨਵਜੋਤ ਸਿੰਘ ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਕਿਹਾ ਹੈ ਕਿ ਇਹ ਬਹਿਸ ਸਿਆਸੀ ਨਹੀਂ ਹੋਣੀ ਚਾਹੀਦੀ। ਸਗੋਂ ਵਿਚਾਰਾਂ ਦੀ ਹੋਣੀ ਚਾਹੀਦੀ ਹੈ, ਇਸ ਕਰਕੇ ਇਸ ਵਿੱਚ ਨਵਜੋਤ ਸਿੰਘ ਸਿੱਧੂ ਦਾ ਵੀ ਸ਼ਾਮਿਲ ਹੋਣਾ ਬੇਹਦ ਜਰੂਰੀ ਹੈ। ਉਹਨਾਂ ਨੇ ਕਾਂਗਰਸ ਦੀ ਸਰਕਾਰ ਵੇਲੇ ਵੀ ਆਪਣੀ ਗੱਲ ਕਹੀ ਸੀ ਅਤੇ ਸੁਨੀਲ ਜਾਖੜ ਨਾ ਤਾਂ ਕਾਂਗਰਸ ਦੀ ਸਰਕਾਰ ਵੇਲੇ ਖੁੱਲ ਕੇ ਬੋਲ ਸਕੇ ਅਤੇ ਨਾ ਹੀ ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਨ ।