ਮਾਈਨਿੰਗ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦਾ ਵੱਡਾ ਖੁਲਾਸਾ, ਪਰ ਸਰਕਾਰ ਨੇ ਮਾਮਲੇ 'ਤੇ ਧਾਰੀ ਚੁੱਪ! ਲੁਧਿਆਣਾ:ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 2022 ਵਿਧਾਨ ਸਭਾ ਚੋਣਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸਲਾਨਾ 20 ਹਜ਼ਾਰ ਕਰੋੜ ਦੇ ਕਰੀਬ ਮਾਈਨਿੰਗ ਤੋਂ ਮਾਲਿਆ ਇਕੱਠਾ ਕੀਤਾ ਜਾਵੇਗਾ।ਇਸ ਤੋਂ ਇਕੱਠੇ ਹੋਏ ਪੈਸੇ ਪੰਜਾਬ ਦੇ ਕੰਮਾਂ ਅਤੇ ਹੋਰ ਵਿਕਾਸ ਲਈ ਖਰਚੇ ਜਾਣਗੇ ।ਮਹਿਲਾਵਾਂ ਨੂੰ ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ ਪਰ ਇਸ ਮਾਮਲੇ 'ਤੇ ਹੁਣ ਸਿਆਸਤ ਗਰਮਾਉਂਦੀ ਨਜ਼ਰ ਆ ਰਹੀ ਹੈ ।ਬੀਤੇ ਦਿਨੀਂ ਨਵਜੋਤ ਸਿੰਘ ਸਿੱਧੂ ਵੱਲੋਂ ਐਨਜੀਟੀ ਵਿੱਚ ਇੱਕ ਪਟੀਸ਼ਨ ਪਾਈ ਗਈ। ਜਿਸ 'ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਨੂੰ ਐਨਜੀਟੀ ਵੱਲੋਂ ਨੋਟਿਸ ਜਾਰੀ ਕੀਤਾ ਗਿਆ । ਇਸ ਦੇ ਨਾਲ ਹੀ ਇਹ ਖੁਲਾਸਾ ਵੀ ਹੋਇਆ ਹੈ ਕਿ ਪੰਜਾਬ ਸਰਕਾਰ ਨੂੰ ਮਾਈਨਿੰਗ ਸਬੰਧੀ ਲਾਏ ਗਏ 630 ਕਰੋੜ ਰੁਪਏ ਦੇ ਜੁਰਮਾਨੇ ਵਿੱਚੋਂ ਹਾਲੇ ਤੱਕ ਕੋਈ ਵੀ ਪੈਸਾ ਸਰਕਾਰ ਨੇ ਜਮਾ ਨਹੀਂ ਕਰਵਾਇਆ ਹੈ। ਇਸ ਖੁਲਾਸੇ ਤੋਂ ਬਾਅਦ ਹੁਣ ਵਿਰੋਧੀਆਂ ਵੱਲੋਂ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ।
ਐਨ.ਜੀ.ਟੀ. ਪੁੱਜੇ ਸਿੱਧੂ:ਨਵਜੋਤ ਸਿੰਘ ਸਿੱਧੂ ਨੇ ਸਵਾਲ ਖੜੇ ਕਰਦਿਆਂ ਕਿਹਾ ਕਿ ਕਾਂਗਰਸ ਦੇ ਵੇਲੇ ਜੋ ਰੇਤੇ ਦੀ ਟਰਾਲੀ 3000 ਰੁਪਏ ਦੀ ਮਿਲਦੀ ਸੀ ।ਅੱਜ 'ਆਪ' ਸਰਕਾਰ ਦੇ ਰਾਜ 'ਚ 21000 ਰੁਪਏ ਦੀ ਵੇਚੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਚੁੱਕਾ ਹੈ ਅਤੇ ਮੰਤਰੀ ਗੈਰ ਕਾਨੂੰਨੀ ਮਾਈਨਿੰਗ ਖੁਦ ਕਰਵਾ ਰਹੇ ਹਨ। ਸਿੱਧੂ ਨੇ ਕਿਹਾ ਕਿ ਹਾਈਕੋਰਟ ਦਾ ਹਾਲੇ ਤੱਕ ਇਹ ਜਵਾਬ ਨਹੀਂ ਦੇ ਪਾਏ।ਉਨ੍ਹਾਂ ਆਖਿਆ ਕਿ ਸਰਕਾਰ ਨੇ ਹੁਣ ਤੱਕ 630 ਕਰੋੜ ਰੁਪਏ ਦੇ ਲਾਏ ਗਏ ਜੁਰਮਾਨੇ ਚੋਂ ਕੋਈ ਵੀ ਪੈਸਾ ਨਹੀਂ ਮੋੜਿਆ ਗਿਆ ਹੈ। ਨਵਜੋਤ ਸਿੰਘ ਸਿੱਧੂ ਵੱਲੋਂ ਬੀਤੇ ਦਿਨ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਪਾ ਕਿ ਸਰਕਾਰ 'ਤੇ ਤੰਜ ਕੱਸਦੇ ਲਿਿਖਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਰਾਜ ਰੇਤ ਖਣਨ ਅਤੇ ਰਾਸ਼ਟਰੀ ਦਿਸ਼ਾ ਨਿਰਦੇਸ਼ਾਂ ਨੂੰ ਛਿੱਕੇ ਟੰਗਿਆ ਗਿਆ ਹੈ। ਇਸ ਸਬੰਧੀ ਰੋਪੜ ਅਤੇ ਹੋਰ ਨੇੜੇ ਦੇ ਇਲਾਕੇ ਦੇ ਵਿੱਚ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ ਦਾ ਵੀ ਮੁੱਦਾ ਨਵਜੋਤ ਸਿੰਘ ਸਿੱਧੂ ਵੱਲੋਂ ਐਨਜੀਟੀ ਨੂੰ ਆਪਣੀ ਪਟੀਸ਼ਨ ਦੇ ਵਿੱਚ ਲਿਖ ਕੇ ਦਿੱਤਾ ਗਿਆ ਹੈ। ਨਵਜੋਤ ਸਿੰਘ ਸਿੱਧੂ ਨੇ ਆਪਣੀ ਪੋਸਟ ਦੇ ਵਿੱਚ ਲਿਿਖਆ ਹੈ ਕਿ ਗੈਰ ਕਾਨੂੰਨੀ ਮਾਈਨਿੰਗ ਕਾਰਨ ਬੇਟ ਖੇਤਰ ਦੇ ਵਿੱਚ 200 ਫੁੱਟ ਉੱਚੇ ਦਰਿਆਵਾਂ ਅਤੇ ਪਹਾੜੀਆਂ ਦਾ ਵਿਨਾਸ਼ ਹੋਇਆ ਹੈ।ਜਿਸ ਕਰਕੇ ਹੜਾਂ ਦਾ ਖਤਰਾ ਜਿਆਦਾ ਵੱਧਦਾ ਜਾ ਰਿਹਾ ਹੈ।
40 ਹਜ਼ਾਰ ਕਰੋੜ 'ਤੇ ਸਵਾਲ: ਦੂਜੇ ਪਾਸੇ ਭਾਜਪਾ ਅਤੇ ਅਕਾਲੀ ਦਲ ਵੱਲੋਂ ਵੀ ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸਵਾਲ ਖੜੇ ਕੀਤੇ ਗਏ ਹਨ। ਭਾਜਪਾ ਦੇ ਪੰਜਾਬ ਬੁਲਾਰੇ ਪ੍ਰਿਤਪਾਲ ਸਿੰਘ ਬਲੀਆਵਾਲ ਨੇ ਕਿਹਾ ਹੈ ਕਿ 40 ਹਜ਼ਾਰ ਕਰੋੜ ਰੁਪਏ ਦਾ ਮਾਲਿਆ ਇਕੱਠਾ ਕਰਨ ਦਾ ਦਾਅਵਾ ਕਰਨ ਵਾਲੀ ਸਰਕਾਰ ਅੱਜ ਕਿੱਥੇ ਹੈ? ਬਾਕੀ ਪੈਸਾ ਕਿਉਂ ਪੰਜਾਬ ਦੇ ਖਜ਼ਾਨੇ ਦੇ ਵਿੱਚ ਜਮਾ ਨਹੀਂ ਹੋਇਆ? ਇਸ ਦਾ ਜਵਾਬ ਸਰਕਾਰ ਨੂੰ ਦੇਣਾ ਪਵੇਗਾ। ਉਹਨਾਂ ਕਿਹਾ ਕਿ ਇਸ ਤੋਂ ਜ਼ਾਹਿਰ ਹੈ ਕਿ ਗੈਰ ਕਾਨੂੰਨੀ ਮਾਈਨਿੰਗ ਸੂਬੇ ਦੇ ਵਿੱਚ ਸ਼ਰੇਆਮ ਚੱਲ ਰਹੀ ਹੈ। ਪ੍ਰਿਤਪਾਲ ਬਲੀਆਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਹ ਦਾਅਵਾ ਕੀਤਾ ਹੈ ਕਿ 16 ਜ਼ਿਿਲਆਂ ਦੇ ਵਿੱਚ ਉਹਨਾਂ ਨੂੰ ਮਾਈਨਿੰਗ ਤੋਂ ਕੋਈ ਵੀ ਮਾਲਿਆ ਇਕੱਤਰ ਨਹੀਂ ਹੋਇਆ। ਰੋਪੜ ਇਲਾਕੇ ਨੂੰ ਵੀ ਸਰਕਾਰ ਨੇ ਇਸ ਤਰ੍ਹਾਂ ਹੀ ਦਿਖਾਇਆ ਹੈ ਕਿ ਉਥੋਂ ਕੋਈ ਮਾਲਿਆ ਸਰਕਾਰ ਨੂੰ ਨਹੀਂ ਮਿਲ ਰਿਹਾ ।ਜਦੋਂ ਕਿ ਰੋਪੜ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਲਗਾਤਾਰ ਦੋ ਸਾਲਾਂ ਤੋਂ ਚੱਲ ਰਹੀ ਹੈ ।ਉਹਨਾਂ ਕਿਹਾ ਕਿ ਉਸ ਦੇ ਪੈਸੇ ਕਿੱਥੇ ਜਾ ਰਹੇ ਨੇ ਇਸ ਦਾ ਖੁਲਾਸਾ ਸਰਕਾਰ ਨੂੰ ਕਰਨਾ ਚਾਹੀਦਾ ਹੈ।
ਵਾਅਦੇ ਨਹੀਂ ਹੋਏ ਪੂਰੇ ! ਅਕਾਲੀ ਦਲ ਦੇ ਆਗੂ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਹੈ ਕਿ ਸਰਕਾਰ ਦੇ ਸਾਰੇ ਹੀ ਦਾਅਵੇ ਫੇਲ ਹੋਏ ਹਨ ।ਸਰਕਾਰ ਨੇ ਜੋ ਸੱਤਾ ਵਿੱਚ ਆਉਣ ਤੋਂ ਪਹਿਲਾਂ ਵਾਅਦੇ ਕੀਤੇ ਸਨ ਉਹਨਾਂ ਵਿੱਚੋਂ ਮੁੱਖ ਤਿੰਨ-ਚਾਰ ਵਾਅਦੇ ਇਹ ਸਨ, ਇਹਨਾਂ ਵਿੱਚੋਂ ਇੱਕ ਅਹਿਮ ਵਾਅਦਾ ਇਹ ਵੀ ਸੀ ਕਿ ਸਰਕਾਰ 20 ਹਜ਼ਾਰ ਕਰੋੜ ਰੁਪਏ ਪ੍ਰਤੀ ਸਾਲ ਮਾਈਨਿੰਗ ਵਿੱਚੋਂ ਹੀ ਮਾਲੀਆ ਇਕੱਤਰ ਕਰੇਗੀ ।ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਮਹਿਲਾਵਾਂ ਨੂੰ ਦਿੱਤਾ ਜਾਵੇਗਾ। ਇਹਨ੍ਹਾਂ ਸਾਰੇ ਵਾਅਦਿਆਂ ਦੀ ਫੂਕ ਨਿਕਲ ਗਈ ਹੈ। ਅਕਾਲੀ ਆਗੂ ਨੇ ਕਿਹਾ ਕਿ 'ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਗਿਆ ਹੈ।
ਮਾਈਨਿੰਗ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦਾ ਵੱਡਾ ਖੁਲਾਸਾ, ਪਰ ਸਰਕਾਰ ਨੇ ਮਾਮਲੇ 'ਤੇ ਧਾਰੀ ਚੁੱਪ! ਵਿਰੋਧੀ ਬਣਾ ਰਹੇ ਮੁੱਦਾ: ਇਸ ਸਬੰਧੀ ਜਦੋਂ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਲੋਕ ਸਭਾ ਇੰਚਾਰਜ ਦੀਪਕ ਬੰਸਲ ਨੂੰ ਫੋਨ ਕਰਕੇ ਜਦੋਂ ਮਾਈਨਿੰਗ ਮੁੱਦੇ 'ਤੇ ਰਾਏ ਲਈ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮੁੱਦਾ ਫ਼ਜ਼ੂਲ ਹੈ।ਇਹ ਮੁੱਦਾ ਲੋਕਾਂ ਨਾਲ ਨਹੀਂ ਜੁੜਿਆ ਹੋਇਆ, ਇਸ ਕਰਕੇ ਉਹ ਇਸ ਮੁੱਦੇ 'ਤੇ ਕੋਈ ਗੱਲ ਨਹੀਂ ਕਰਨਾ ਚਾਹੁੰਦੇ।ਦੀਪਕ ਬੰਸਲ ਨੇ ਆਖਿਆ ਕਿ ਵਿਰੋਧੀ ਤਾਂ ਲੋਕਾਂ ਦਾ ਧਿਆਨ ਭਟਕਾਉਣ ਲਈ ਅਜਿਹੇ ਮੁੱਦੇ ਚੁੱਕਦੇ ਹਨ। ਇਸ ਲਈ ਸਾਨੂੰ ਕੋਈ ਫ਼ਰਕ ਨਹੀਂ ਪੈਂਦਾ।ਉਨ੍ਹਾਂ ਕਿਹਾ ਕਿ ਮੈਂ ਰਾਜਨੀਤਿਕ ਤੂੰ-ਤੂੰ, ਮੈਂ-ਮੈਂ 'ਚ ਨਹੀਂ ਆਉਂਦਾ ਅਤੇ ਨਾ ਹੀ ਇਸ 'ਤੇ ਕੁੱਝ ਬੋਲਣਾ ਚਾਹੁੰਦਾ ਹਾਂ।ਤੁਸੀਂ ਕਿਸੇ ਹੋਰ ਬੰਦੇ ਨਾਲ ਇਸ ਬਾਰੇ ਗੱਲ ਕਰੋ।