ਉਨ੍ਹਾਂ ਕਿਹਾ ਕਿ ਮੇਰੇ ਬਿਆਨਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਦਾ ਨਾ ਕੋਈ ਧਰਮ ਹੈ, ਨਾ ਹੀ ਕੋਈ ਮਜ਼ਹਬ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਕਰਤਾਰਪੁਰ ਸਾਹਿਬ ਲਾਂਘੇ ਦੇ ਨਾਲ ਨਹੀਂ ਜੋੜਨਾ ਚਾਹੀਦਾ। ਸਿੱਧੂ ਨੇ ਕਿਹਾ ਕਿ ਉਨ੍ਹਾਂ ਲਈ ਦੇਸ਼ ਹੀ ਸਭ ਤੋਂ ਪਹਿਲਾਂ ਦੋਸਤੀ ਬਾਅਦ 'ਚ ਹੈ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਜੋ ਵੀ ਇਸ ਲਈ ਜ਼ਿੰਮੇਵਾਰ ਹੈ ਉਸ ਦੇ ਖਿਲਾਫ਼ ਸਖ਼ਤ ਕਾਰਵਾਈ ਹੋਵੇ।
ਪੁਲਵਾਮਾ ਹਮਲੇ 'ਤੇ ਦਿੱਤੇ ਬਿਆਨ ਦੇ ਵਿਰੋਧ ਤੋਂ ਬਾਅਦ ਆਇਆ ਸਿੱਧੂ ਦਾ ਜਵਾਬ
ਲੁਧਿਆਣਾ: ਪੁਲਵਾਮਾ ਹਮਲੇ ਤੋਂ ਬਾਅਦ ਦਿੱਤੇ ਬਿਆਨ ਨੂੰ ਲੈ ਕੇ ਹੋ ਰਹੇ ਵਿਰੋਧ ਪਿੱਛੋਂ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਜਵਾਬ ਆਇਆ ਹੈ। ਉਹ ਅਜੇ ਵੀ ਆਪਣੇ ਬਿਆਨ 'ਤੇ ਕਾਇਮ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕ ਕੀ ਚਾਹੁੰਦੇ ਹਨ ਕਿ ਅੱਤਵਾਦ ਦੇ ਅੱਗੇ ਝੁੱਕ ਜਾਈਏ, ਕੀ ਚਾਰ ਅੱਤਵਾਦੀਆਂ ਦੇ ਕਾਰਨ ਜਿਨ੍ਹਾਂ ਸਾਡੇ ਦੇਸ਼ ਨੂੰ ਠੇਸ ਪਹੁੰਚਾਈ, ਉਨ੍ਹਾਂ ਦੇ ਕਾਰਨ ਦੇਸ਼ ਦਾ ਵਿਕਾਸ ਰੋਕ ਦਿੱਤਾ ਜਾਵੇ, ਕੀ ਉਨ੍ਹਾਂ ਦੇ ਕਾਰਨ ਬਾਬਾ ਨਾਨਕ ਦੇ ਫਲਸਫ਼ੇ ਅੱਗੇ ਨਹੀਂ ਵੱਧ ਪਾਵੇਗੀ। ਕੀ ਉਨ੍ਹਾਂ ਦੇ ਕਾਰਨ ਦੋ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੇ ਫੈਸਲੇ ਬਦਲ ਜਾਣਗੇ।
ਸਿੱਧੂ ਬੋਲੇ ਕਿ ਸਾਨੂੰ ਆਪਣੇ ਦੇਸ਼ ਦੇ ਫੌਜੀਆਂ ਦੀ ਰੱਖਿਆ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਦੇਸ਼ ਦੀ ਸਰਕਾਰ ਤੇ ਸਵਾਲ ਚੁੱਕਦਿਆਂ ਕਿਹਾ ਕਿ ਕੋਈ ਮੰਤਰੀ ਕਿਤੇ ਜਾਂਦਾ ਹੈ ਤਾਂ ਸ਼ਹਿਰ ਜਾਮ ਕਰ ਦਿੱਤਾ ਜਾਂਦਾ ਹੈ ਤੇ ਦੇਸ਼ ਦੀ ਰੱਖਿਆ ਕਰਨ ਵਾਲੇ ਫੌਜੀਆਂ ਦੀ ਭਾਰੀ ਗਿਣਤੀ ਵਾਲੇ ਕਾਫ਼ਲੇ ਲਈ ਕੀ ਜਹਾਜ਼ ਨਹੀਂ ਦਿੱਤੇ ਜਾ ਸਕਦੇ?
ਦੱਸ ਦਈਏ ਕਿ ਸਿੱਧੂ ਨੇ ਬੀਤੇ ਦਿਨ ਬਿਆਨ ਦਿੱਤਾ ਸੀ ਕਿ ਕੁੱਝ ਮੁੱਠੀ ਭਰ ਲੋਕਾਂ ਕਾਰਨ ਸਮੁੱਚੇ ਦੇਸ਼(ਪਾਕਿਸਤਾਨ) ਨੂੰ ਦੋਸ਼ੀ ਠਹਿਰਾਇਆ ਜਾ ਸਕਦਾ ਹੈ। ਜਿਸ ਤੋਂ ਬਾਅਦ ਲੁਧਿਆਣਾ 'ਚ ਭਾਰਤੀ ਜਨਤਾ ਪਾਰਟੀ ਦੇ ਕਾਰਕੁਨਾਂ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ। ਨਵਜੋਤ ਸਿੰਘ ਸਿੱਧੂ ਦੀ ਲੁਧਿਆਣਾ ਫੇਰੀ ਤੋਂ ਪਹਿਲਾਂ ਭਾਜਪਾ ਵਰਕਰਾਂ ਨੇ ਸਿੱਧੂ ਦੇ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਤੇ ਸਿੱਧੂ ਦੇ ਪੋਸਟਰ 'ਤੇ ਕਾਲਖ ਮੱਲੀ ਗਈ।