ਲੁਧਿਆਣਾ: ਮੁੱਲਾਂਪੁਰ ਦਾਖਾ ਨੇੜੇ ਗੁਰ ਕਿਰਪਾ ਸ਼ੇਕ ਦੇ ਚਰਚੇ ਇਨ੍ਹੀ ਦਿਨੀਂ ਦੂਰ-ਦੂਰ ਤੱਕ ਹੋ ਰਹੇ ਹਨ। ਇਸ ਦੁਕਾਨ ਨੂੰ ਇੱਕ ਨਿਹੰਗ ਸਿੰਘ ਗੁਰਦੀਪ ਸਿੰਘ ਚਲਾ ਰਿਹਾ ਹੈ। ਉਹ ਸਰਬ ਲੋਹ ਦੇ ਬਾਟੇ ਵਿੱਚ ਗਾਹਕਾਂ ਨੂੰ ਸ਼ੇਕ ਪਿਲਾਉਂਦਾ ਹੈ। ਇਸ ਦੇ ਕਾਫੀ ਫਾਇਦੇ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਅਸੀਂ ਇਸ ਵਿਚ ਕਿਸੇ ਵੀ ਕਿਸਮ ਦੀ ਕੋਈ ਮਿਲਾਵਟ ਨਹੀਂ ਕਰਦੇ। ਤਾਜ਼ੇ ਫਲਾਂ ਦੇ ਨਾਲ ਉਨ੍ਹਾਂ ਵੱਲੋਂ ਇਹ ਸ਼ੇਕ ਤਿਆਰ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਦੂਰ-ਦੁਰਾਡੇ ਤੋਂ ਇਹ ਸ਼ੇਕ ਲੋਕ ਪੀਣ ਆਉਂਦੇ ਹਨ, ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਨਾਲ ਕਾਫੀ ਫਾਇਦਾ ਹੋਇਆ ਹੈ।
ਇਨ੍ਹਾਂ ਬਿਮਾਰੀਆਂ ਤੋਂ ਰਾਹਤ: ਖਾਸ ਕਰਕੇ ਸਰਬ ਲੋਹ ਦੇ ਬਾਟੇ ਕਰਕੇ ਉਨ੍ਹਾਂ ਨੂੰ ਕਈ ਤੱਤ ਮਿਲਦੇ ਹਨ। ਗੁਰਦੀਪ ਸਿੰਘ ਨੇ ਕਿਹਾ ਕਿ ਇਸ ਨੂੰ ਖਾਲੀ ਪੇਟ ਪੀਤਾ ਜਾਵੇ, ਤਾਂ ਤੁਹਾਡੀ ਪੇਟ ਦੀਆਂ ਬਿਮਾਰੀਆਂ ਲਈ, ਮੂੰਹ ਦੇ ਛਾਲਿਆਂ ਲਈ, ਲਿਵਰ ਲਈ, ਬਲੱਡ ਪ੍ਰੈਸ਼ਰ ਲਈ ਆਦਿ ਕਾਫ਼ੀ ਕਾਰਗਰ ਸਾਬਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਰੋਟੀ ਖਾਧੀ ਹੋਵੇ, ਤਾਂ ਇਸ ਨੂੰ ਪੂਰਾ ਖਤਮ ਕਰਨਾ ਮੁਸ਼ਕਿਲ ਹੁੰਦਾ ਹੈ।
ਸਰੀਰ ਲਈ ਲਾਹੇਵੰਦ: ਨਿਹੰਗ ਸਿੰਘ ਨੇ ਦੱਸਿਆ ਕਿ ਅਸੀਂ ਇਸ ਵਿੱਚ ਬਰਫ਼ ਵੀ ਲੋਕਾਂ ਦੇ ਕਹਿਣ 'ਤੇ ਹੀ ਪਾਉਂਦੇ ਹਾਂ। ਬਿਲਕੁਲ ਤਾਜ਼ੇ ਅਤੇ ਸਾਫ-ਸੁਥਰੇ ਫਲਾਂ ਦੀ ਵਰਤੋਂ ਕਰਦੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਸੈਲ ਘੱਟ ਜਾਂਦੇ ਹਨ, ਉਨ੍ਹਾਂ ਲਈ ਵੀ ਇਹ ਕਾਫੀ ਫਾਇਦੇਮੰਦ ਸਾਬਿਤ ਹੋ ਰਿਹਾ ਹੈ, ਅਜਿਹਾ ਲੋਕ ਆ ਕੇ ਦੱਸਦੇ ਹਨ। ਵਿਟਾਮਿਨ ਏ, ਦੇ ਨਾਲ ਵਿਟਾਮਿਨ-ਸੀ, ਆਇਰਨ, ਫਾਈਬਰ ਅਤੇ ਹੋਰ ਵੀ ਕਈ ਤੱਤ ਇਸ ਸ਼ੇਕ ਚੋਂ ਲੋਕਾਂ ਨੂੰ ਮਿਲਦੇ ਹਨ। ਉਨ੍ਹਾਂ ਦੱਸਿਆ ਕਿ ਲੋਕ ਸਾਡੇ ਤੋਂ ਸਰਬ ਲੋਹ ਦੇ ਬਾਟੇ ਵੀ ਖ਼ਰੀਦ ਕੇ ਘਰਾਂ ਨੂੰ ਲਿਜਾਂਦੇ ਹਨ, ਕਿਉਂਕਿ ਇਨ੍ਹਾਂ ਦੀ ਵਰਤੋਂ ਨਾਲ ਕਈ ਤਰਾਂ ਦੇ ਤੱਤ ਸਰੀਰ ਨੂੰ ਮਿਲਦੇ ਹਨ।