ਸਿਆਸੀ ਆਗੂ ਨਗਰ ਨਿਗਮ ਚੋਣਾਂ ਸਬੰਧੀ ਵਿਚਾਰ ਦਿੰਦੇ ਹੋਏ ਲੁਧਿਆਣਾ: ਪੰਜਾਬ ਦੇ ਵਿੱਚ 5 ਜ਼ਿਲ੍ਹਿਆਂ ਦੀ ਨਗਰ ਨਿਗਮ ਚੋਣਾਂ 15 ਨਵੰਬਰ ਤੋਂ ਪਹਿਲਾਂ ਕਰਵਾਉਣ ਦੇ ਲਈ ਪੰਜਾਬ ਦੇ ਰਾਜਪਾਲ ਵੱਲੋਂ ਸੂਬਾ ਸਰਕਾਰ ਨੂੰ ਪੰਜਾਬ ਨਗਰ ਨਿਗਮ ਐਕਟ 1976 ਦੀ ਧਾਰਾ 7 ਏ ਦੀਆਂ ਸ਼ਕਤੀਆਂ ਦਾ ਇਸਤੇਮਾਲ ਕਰਦੇ ਹੋਏ ਨਵੰਬਰ ਦੇ ਪਹਿਲੇ ਪੰਦਰਵਾੜੇ 'ਚ ਕਰਵਾਉਣ ਲਈ ਕਿਹਾ ਗਿਆ ਹੈ। ਉੱਥੇ ਹੀ ਦੂਜੇ ਪਾਸੇ ਨਵੰਬਰ 'ਚ ਹੀ ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਸਣੇ ਪੰਜਾਬ ਦੇ ਬਾਹਰੀ ਸੂਬਿਆਂ 'ਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ। ਜਿਸ ਚ ਆਮ ਆਦਮੀ ਪਾਰਟੀ ਵੀ ਹਿੱਸਾ ਲੈ ਰਹੀ ਹੈ, ਜਿਸ ਕਾਰਨ ਪੰਜਾਬ ਦੇ ਕੈਬਨਟ ਮੰਤਰੀਆਂ ਅਤੇ ਵਿਧਾਇਕਾਂ ਦੀ ਡਿਊਟੀਆਂ ਬਾਹਰਲੇ ਸੂਬਿਆਂ ਦੇ ਵਿੱਚ ਲੱਗੀਆਂ ਹਨ। ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿਧਾਇਕ ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਹੋਰਨਾਂ ਸੂਬਿਆਂ ਦੇ ਵਿੱਚ ਜਾ ਕੇ ਪਾਰਟੀ ਦਾ ਪ੍ਰਚਾਰ ਕਰਨਗੇ ਅਤੇ ਪੰਜਾਬ ਦੀ ਉਦਾਹਰਨ ਪੇਸ਼ ਕਰਨਗੇ ਪਰ ਉੱਥੇ ਹੀ ਦੂਜੇ ਪਾਸੇ ਨਵੰਬਰ ਦੇ ਵਿੱਚ ਪੰਜਾਬ ਦੇ ਪੰਜ ਜ਼ਿਲ੍ਹਿਆਂ ਵਿੱਚ ਨਗਰ ਨਿਗਮ ਚੋਣਾਂ ਕਰਵਾਉਣ ਦੇ ਪੇਚ 'ਤੇ ਪੰਜਾਬ ਸਰਕਾਰ ਅਤੇ ਰਾਜਪਾਲ ਫਿਰ ਆਹਮੋ ਸਾਹਮਣੇ ਹਨ।
ਨਵੰਬਰ 'ਚ ਚੋਣਾਂ ਲਈ ਪੱਤਰ: ਪੰਜਾਬ ਦੇ ਵਿੱਚ ਲੁਧਿਆਣਾ, ਜਲੰਧਰ, ਪਟਿਆਲਾ, ਅੰਮ੍ਰਿਤਸਰ ਅਤੇ ਫਗਵਾੜਾ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਹੋਣੀਆਂ ਹਨ। ਇਸ ਤੋਂ ਇਲਾਵਾ ਪੰਜਾਬ 'ਚ 39 ਨਗਰ ਪ੍ਰੀਸ਼ਦ ਦੀਆਂ ਚੋਣਾਂ ਵੀ 15 ਨਵੰਬਰ ਤੱਕ ਕਰਵਾਉਣ ਦੀ ਗੱਲ ਕਹੀ ਜਾ ਰਹੀ ਹੈ। ਉਧਰ 12 ਨਵੰਬਰ ਦੀ ਦੀਵਾਲੀ ਹੈ ਅਤੇ ਜਿਆਦਾਤਰ ਤਿਉਹਾਰ ਇਸ ਸਾਲ ਨਵੰਬਰ ਦੇ ਵਿੱਚ ਹੀ ਹਨ, ਇਸ ਕਰਕੇ ਇਹ ਚੋਣਾਂ ਪਹਿਲੇ ਹਫਤੇ ਵਿੱਚ ਕਰਵਾਉਣ ਦੀ ਗੱਲ ਸਾਹਮਣੇ ਆ ਰਹੀ ਸੀ ਪਰ ਇਸ ਲਈ ਸਿਆਸੀ ਪਾਰਟੀਆਂ ਤਿਆਰ ਨਜ਼ਰ ਨਹੀਂ ਆ ਰਹੀਆਂ ਹਨ। ਹਾਲਾਂਕਿ ਇਹ ਮਾਮਲਾ ਹਾਈਕੋਰਟ ਦੇ ਵਿੱਚ ਵਿਚਰ ਰਿਹਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਅੰਤਿਮ ਫੈਸਲਾ ਚੋਣ ਕਮਿਸ਼ਨ ਵੱਲੋਂ ਲਿਆ ਜਾਵੇਗਾ। ਉਧਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੀ ਇਸ ਸਬੰਧੀ ਚੋਣਾਂ ਕਰਵਾਉਣ ਲਈ ਪੱਤਰ ਲਿਖਿਆ ਗਿਆ ਹੈ।
ਨਗਰ ਨਿਗਮਾਂ ਭੰਗ: ਪੰਜਾਬ ਸਰਕਾਰ ਵੱਲੋਂ ਮਾਰਚ 2023 ਦੇ ਵਿੱਚ ਹੀ ਕਾਰਪੋਰੇਸ਼ਨਾਂ ਭੰਗ ਕਰ ਦਿੱਤੀਆਂ ਗਈਆਂ ਸਨ, ਜਿਸ ਤੋਂ ਬਾਅਦ ਪੰਚਾਇਤਾਂ ਵੀ ਭੰਗ ਕਰ ਦਿੱਤੀਆਂ ਗਈਆਂ, ਹਾਲਾਂਕਿ ਹਾਈਕੋਰਟ ਦੇ ਦਖਲ ਤੋਂ ਬਾਅਦ ਪੰਚਾਇਤਾਂ ਨੂੰ ਮੁੜ ਬਹਾਲ ਕਰ ਦਿੱਤਾ ਗਿਆ ਪਰ ਕੌਂਸਲਰਾਂ ਦੀ ਸ਼ਕਤੀ ਜਰੂਰ ਖਤਮ ਕਰ ਦਿੱਤੀ ਗਈ ਸੀ। ਦਸੰਬਰ 2022 ਤੋਂ ਲੈ ਕੇ ਫਰਵਰੀ 2023 ਤੱਕ ਪੰਜਾਬ ਦੇ ਅੰਦਰ 34 ਨਗਰ ਕੌਂਸਲ ਅਤੇ ਨਗਰ ਪ੍ਰੀਸ਼ਦਾਂ ਦਾ ਕਾਰਜਕਾਲ ਖਤਮ ਹੋ ਗਿਆ ਸੀ। ਪੰਜਾਬ ਦੀ ਨਗਰ ਨਿਗਮ ਦੀਆਂ ਚੋਣਾਂ ਜਨਵਰੀ 2023 ਤੋਂ ਲੜਕੀਆਂ ਹੋਈਆਂ ਹਨ। ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ ਅਤੇ ਫਗਵਾੜਾ ਦੇ ਵਿੱਚ ਇਹ ਚੋਣਾਂ ਕਰਵਾਈਆਂ ਜਾਣੀਆਂ ਹਨ ਪਰ ਇਸ 'ਤੇ ਕੋਈ ਵੀ ਫਿਲਹਾਲ ਫੈਸਲਾ ਨਹੀਂ ਲਿਆ ਜਾ ਸਕਿਆ ਹੈ।
ਪੰਜ ਸੂਬਿਆਂ 'ਚ ਵੋਟਿੰਗ: ਪੰਜਾਬ ਦੇ ਬਾਹਰੀ ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ। ਛੱਤੀਸਗੜ੍ਹ ਦੇ ਵਿੱਚ 7 ਅਤੇ 17 ਨਵੰਬਰ ਨੂੰ ਵਿਧਾਨ ਸਭਾ ਦੀਆਂ ਦੋ ਪੜਾਅ ਦੇ ਵਿੱਚ ਵੋਟਾਂ ਪੈਣੀਆਂ ਹਨ, ਛੱਤੀਸਗੜ੍ਹ ਦੇ ਵਿੱਚ 90 ਵਿਧਾਨ ਸਭਾ ਦੀਆਂ ਸੀਟਾਂ ਹਨ ਅਤੇ ਇਹਨਾਂ ਦੇ ਨਤੀਜੇ 3 ਦਸੰਬਰ ਨੂੰ ਘੋਸ਼ਿਤ ਕੀਤੇ ਜਾਣੇ ਹਨ। ਪੰਜਾਬ ਦੇ ਮੁੱਖ ਮੰਤਰੀ ਸਣੇ ਕੈਬਿਨਟ ਮੰਤਰੀ ਅਤੇ ਪੰਜਾਬ ਦੇ ਵਿਧਾਇਕ ਲਗਾਤਾਰ ਛੱਤੀਸਗੜ੍ਹ ਦੌਰੇ 'ਤੇ ਹਨ। ਬੀਤੇ ਦੋ ਮਹੀਨਿਆਂ ਤੋਂ ਲਗਾਤਾਰ ਆਮ ਆਦਮੀ ਪਾਰਟੀ ਛੱਤੀਸਗੜ੍ਹ ਦੇ ਵਿੱਚ ਚੋਣ ਪ੍ਰਚਾਰ ਕਰ ਰਹੀ ਹੈ, ਜਿਸ ਦੀ ਕਮਾਨ ਪੰਜਾਬ ਦੇ ਵਿਧਾਇਕਾਂ ਨੇ ਵੀ ਸੰਭਾਲੀ ਹੋਈ ਹੈ। ਖਾਸ ਕਰਕੇ ਲੁਧਿਆਣਾ ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਦੀ ਡਿਊਟੀ ਛੱਤੀਸਗੜ੍ਹ ਦੇ ਵਿੱਚ ਲੱਗੀ ਹੋਈ ਹੈ, ਹਰਦੀਪ ਸਿੰਘ ਮੁੰਡੀਆਂ ਨੂੰ ਛੱਤੀਸਗੜ੍ਹ ਦਾ ਇੰਚਾਰਜ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਮੱਧ ਪ੍ਰਦੇਸ਼, ਰਾਜਸਥਾਨ, ਮਿਜ਼ੋਰਮ ਅਤੇ ਤੇਲੰਗਾਣਾ ਦੇ ਵਿੱਚ ਵੀ ਚੋਣਾਂ ਹੋਣੀਆਂ ਹਨ। ਰਾਜਸਥਾਨ ਦੇ ਵਿੱਚ ਚੋਣਾਂ 25 ਨਵੰਬਰ ਨੂੰ ਹੋਣੀਆਂ ਹਨ ਜਦੋਂ ਕਿ ਮੱਧ ਪ੍ਰਦੇਸ਼ ਦੇ ਵਿੱਚ 17 ਨਵੰਬਰ ਨੂੰ ਵੋਟਿੰਗ ਹੋਣੀ ਹੈ, ਛੱਤੀਸਗੜ੍ਹ ਦੇ ਵਿੱਚ 7 ਅਤੇ 17 ਨਵੰਬਰ ਨੂੰ ਵੋਟਿੰਗ ਹੋਣੀ ਹੈ। ਜਦੋਂ ਕਿ ਤੇਲੰਗਾਨਾ ਦੇ ਵਿੱਚ 3 ਨਵੰਬਰ ਨੂੰ ਵੋਟਿੰਗ ਹੋਣੀ ਹੈ, ਇਹਨਾਂ ਦੇ ਨਤੀਜੇ ਤਿੰਨ ਦਿਸੰਬਰ ਨੂੰ ਘੋਸ਼ਿਤ ਕੀਤੇ ਜਾਣੇ ਹਨ।
'ਆਪ ਚੋਣਾਂ ਲਈ ਤਿਆਰ': ਇਸ ਸਬੰਧੀ ਜਦੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਦੀ ਡਿਊਟੀ ਮੱਧ ਪ੍ਰਦੇਸ਼ ਦੇ ਵਿੱਚ ਲੱਗੀ ਹੈ। 15 ਅਕਤੂਬਰ ਨੂੰ ਉਹਨਾਂ ਨੇ ਮੱਧ ਪ੍ਰਦੇਸ਼ ਜਾਣਾ ਸੀ ਪਰ ਸਿਹਤ ਠੀਕ ਨਾ ਹੋਣ ਕਰਕੇ ਉਹ ਨਹੀਂ ਜਾ ਸਕੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪਾਰਟੀ ਨਗਰ ਨਿਗਮ ਚੋਣਾਂ ਦੇ ਲਈ ਵੀ ਪੂਰੀ ਤਰ੍ਹਾਂ ਤਿਆਰ ਹੈ। ਉਹਨਾਂ ਕਿਹਾ ਕਿ ਜੇਕਰ ਹਫਤੇ ਦੇ ਵਿੱਚ ਦੋ ਦਿਨ ਸਾਨੂੰ ਬਾਹਰਲੇ ਸੂਬਿਆਂ ਦੇ ਵਿੱਚ ਜਾਣਾ ਪਿਆ, ਕੋਈ ਵੱਡੀ ਗੱਲ ਨਹੀਂ ਹੈ ਉਹ ਆਪਣੇ ਹਲਕੇ ਨੂੰ ਸੰਭਾਲ ਸਕਣਗੇ ਕਿਉਂਕਿ ਆਮ ਆਦਮੀ ਪਾਰਟੀ ਕੌਮੀ ਪਾਰਟੀ ਹੈ ਅਤੇ ਉਹ ਸਾਰੀਆਂ ਹੀ ਚੋਣਾਂ ਦੇ ਵਿੱਚ ਹਿੱਸਾ ਲੈ ਰਹੀ ਹੈ। ਇਸ ਕਰਕੇ ਅਸੀਂ ਹਲਕੇ ਦੇ ਵਿਧਾਇਕ ਹੋਣ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੇ ਵਲੰਟੀਅਰ ਵੀ ਹਾਂ ਅਤੇ ਪਾਰਟੀ ਦੇ ਨਾਲ ਖੜਨਾ ਸਾਡਾ ਫ਼ਰਜ਼ ਹੈ। ਹਾਲਾਂਕਿ ਦੂਜੇ ਪਾਸੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਵੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਆਪੋ ਆਪਣੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਬੀਤੇ ਦਿਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਲੁਧਿਆਣਾ ਪਹੁੰਚੇ ਸਨ ਜਿੱਥੇ ਉਹਨਾਂ ਨੇ ਪਾਰਟੀ ਦੀ ਲੁਧਿਆਣਾ ਇਕਾਈ ਦੇ ਨਾਲ ਗੱਲਬਾਤ ਕੀਤੀ ਸੀ।
ਆਮ ਆਦਮੀ ਪਾਰਟੀ ਕੌਮੀ ਪਾਰਟੀ ਹੈ ਤੇ ਜੇਕਰ ਪਾਰਟੀ ਦੇ ਪ੍ਰਚਾਰ ਲਈ ਹਫ਼ਤੇ 'ਚ ਦੋ ਦਿਨ ਬਾਹਰਲੇ ਸੂਬੇ 'ਚ ਜਾਣਾ ਵੀ ਪਿਆ ਤਾਂ ਕੋਈ ਵੱਡੀ ਗੱਲ ਨਹੀਂ ਹੈ। ਆਪਣੇ ਹਲਕੇ ਦੇ ਵਿਧਾਇਕ ਹੋਣ ਦੇ ਨਾਲ-ਨਾਲ ਅਸੀਂ ਪਾਾਰਟੀ ਦੇ ਵਰਕਰ ਵੀ ਹਾਂ ਤੇ ਰਹੀ ਗੱਲ ਨਗਰ ਨਿਗਮ ਚੋਣਾਂ ਦੀ ਤਾਂ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਤਿਆਰ ਹੈ।-ਰਾਜਿੰਦਰ ਪਾਲ ਕੌਰ ਛੀਨਾ 'ਆਪ' ਵਿਧਾਇਕ
ਕੰਮ ਪਏ ਠੰਡੇ ਬਸਤੇ: ਹਾਲਾਂਕਿ ਦੂਜੇ ਪਾਸੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨੇ ਇਸ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ 'ਤੇ ਸਵਾਲ ਖੜੇ ਕੀਤੇ ਹਨ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਕਿਹਾ ਹੈ ਕਿ ਨਗਰ ਨਿਗਮ ਦੀਆਂ ਚੋਣਾਂ ਨਾ ਹੋਣ ਕਰਕੇ ਸਾਰੇ ਹੀ ਸ਼ਹਿਰ ਇੱਕ-ਇੱਕ ਸਾਲ ਪਿੱਛੇ ਚਲੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਬਾਹਰਲੇ ਸੂਬਿਆਂ ਦੇ ਵਿੱਚ ਚੋਣ ਪ੍ਰਚਾਰ ਦੇ ਲਈ ਰੁਝੇ ਹੋਏ ਹਨ, ਜਦੋਂ ਕਿ ਉਹਨਾਂ ਦੇ ਆਪਣੇ ਹਲਕਿਆਂ ਦੇ ਵਿੱਚ ਕੰਮ ਕਈ-ਕਈ ਮਹੀਨਿਆਂ ਤੋਂ ਪੈਂਡਿੰਗ ਪਏ ਹਨ। ਉਹਨਾਂ ਕਿਹਾ ਕਿ ਕੌਂਸਲਰ ਨਾ ਹੋਣ ਕਰਕੇ ਇਸ ਦਾ ਖਾਮਿਆਜਾ ਆਮ ਜਨਤਾ ਭੁਗਤ ਰਹੀ ਹੈ, ਆਮ ਜਨਤਾ ਦੇ ਕੰਮ ਨਹੀਂ ਹੋ ਰਹੇ, ਉਹਨਾਂ ਨੂੰ ਛੋਟੇ ਮੋਟੇ ਕੰਮਾਂ ਦੇ ਲਈ ਵੀ ਐੱਮਐੱਲਏ ਦਫਤਰਾਂ ਦੇ ਚੱਕਰ ਲਾਉਣੇ ਪੈਂਦੇ ਹਨ। ਭਾਜਪਾ ਆਗੂ ਨੇ ਕਿਹਾ ਕਿ ਕੰਮ ਨਾ ਹੋਣ ਕਰਕੇ ਸ਼ਹਿਰਾਂ ਦਾ ਵਿਕਾਸ ਰੁਕ ਗਿਆ ਹੈ ਅਤੇ ਇਸ ਦਾ ਖਾਮਿਆਜਾ ਆਮ ਜਨਤਾ ਭੁਗਤ ਰਹੀ ਹੈ। ਉਹਨਾਂ ਕਿਹਾ ਕਿ ਚੋਣਾਂ ਜਲਦ ਤੋਂ ਜਲਦ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਭਾਜਪਾ ਆਗੂ ਨੇ ਰਾਜਪਾਲ ਵੱਲੋਂ ਲਿਖੇ ਗਏ ਪੱਤਰ ਨੂੰ ਵੀ ਸਹੀ ਦੱਸਿਆ ਹੈ ਤੇ ਕਿਹਾ ਕਿ ਸਰਕਾਰ ਨੂੰ ਇਸ 'ਤੇ ਗੰਭੀਰਤਾ ਨਾਲ ਕੰਮ ਲੈਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਚੋਣ ਕਮਿਸ਼ਨ ਨੂੰ ਵੀ ਅਪੀਲ ਕਰਦੇ ਹਨ ਕਿ ਚੋਣਾਂ ਨਵੰਬਰ ਦੇ ਵਿੱਚ ਹੀ ਕਰਵਾਈਆਂ ਜਾਣ।
ਨਗਰ ਨਿਗਮ ਦੀਆਂ ਚੋਣਾਂ ਨਾ ਹੋਣ ਕਰਕੇ ਸਾਰੇ ਹੀ ਸ਼ਹਿਰ ਇੱਕ-ਇੱਕ ਸਾਲ ਪਿੱਛੇ ਚਲੇ ਗਏ ਹਨ। 'ਆਪ' ਦੇ ਮੰਤਰੀ ਤੇ ਵਿਧਾਇਕ ਤਾਂ ਬਾਹਰਲੇ ਸੂਬਿਆਂ 'ਚ ਪਾਰਟੀ ਦਾ ਚੋਣ ਪ੍ਰਚਾਰ ਕਰ ਰਹੇ ਪਰ ਇਥੇ ਹਲਕਿਆਂ ਦੇ ਕਈ-ਕਈ ਮਹੀਨਿਆਂ ਤੋਂ ਕੰਮ ਪੈਂਡਿੰਗ ਹਨ। ਲੋਕਾਂ ਨੂੰ ਆਪਣੇ ਕੰਮ ਲਈ ਵਿਧਾਇਕਾਂ ਦੇ ਦਫ਼ਤਰਾਂ 'ਚ ਗੇੜੇ ਮਾਰਨੇ ਪੈ ਰਹੇ ਹਨ ਅਤੇ ਸ਼ਹਿਰਾ ਦਾ ਵਿਕਾਸ ਰੁਕ ਰਿਹਾ, ਜਿਸ ਕਾਰਨ ਲੋਕ ਖੱਜਲ ਖੁਆਰ ਹੋ ਰਹੇ ਹਨ। -ਰਜਨੀਸ਼ ਧੀਮਾਨ, ਭਾਜਪਾ ਜ਼ਿਲ੍ਹਾ ਪ੍ਰਧਾਨ, ਲੁਧਿਆਣਾ
ਇੰਡੀਆ ਗੱਠਜੋੜ: ਹਾਲਾਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਚੁੱਕੀ ਹੈ। ਆਮ ਆਦਮੀ ਪਾਰਟੀ ਨੇ 92 ਵਿਧਾਇਕਾਂ ਦੇ ਨਾਲ ਪੰਜਾਬ ਦੇ ਵਿੱਚ ਸਰਕਾਰ ਬਣਾਈ ਸੀ ਪਰ ਹੁਣ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜ ਸੂਬਿਆਂ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਜੋ ਕਿ 2024 ਦੀਆਂ ਲੋਕ ਸਭਾ ਚੋਣਾਂ ਦੀ ਇੱਕ ਝਲਕੀ ਵੀ ਪੇਸ਼ ਕਰ ਸਕਦੀ ਹੈ। ਕੇਂਦਰ ਦੇ ਵਿੱਚ ਭਾਜਪਾ ਨੂੰ ਮਾਤ ਦੇਣ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਗਿਆ ਇੰਡੀਆ ਗੱਠਜੋੜ ਪਹਿਲੀ ਵਾਰ ਇਹ ਚੋਣਾਂ ਮਿਲ ਕੇ ਲੜ ਰਿਹਾ ਹੈ। ਐੱਮਪੀ ਦੇ ਵਿੱਚ ਆਪਸ ਦੇ ਵਿੱਚ ਸੀਟਾਂ ਵੱਡੀਆਂ ਗਈਆਂ ਹਨ ਤੇ ਇੰਡੀਆ ਗਠਜੋੜ ਲਈ ਵੀ ਇਹ ਪ੍ਰੀਖਿਆ ਦੀ ਘੜੀ ਹੈ।