ਲੁਧਿਆਣਾ: ਸ਼ਹਿਰ ਦੇ ਗੀਤਾ ਨਗਰ ਸਥਿਤ ਏ.ਡੀ. ਡਾਇੰਗ ਵਿੱਚ ਤੜਕਸਾਰ ਬੁਆਇਲਰ ਵਿੱਚ ਹੋਏ ਧਮਾਕੇ ਵਾਲੀ ਥਾਂ ਦਾ ਮੁਆਇਨਾ ਕਰਨ ਪੁੱਜੇ ਕਾਂਗਰਸੀ ਵਿਧਾਇਕ ਸੰਜੇ ਤਲਵਾੜ ਨੇ ਨਗਰ ਨਿਗਮ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਨੂੰ ਧਮਾਕੇ ਲਈ ਜ਼ਿੰਮੇਵਾਰ ਦੱਸਿਆ ਹੈ।
ਦੱਸ ਦਈਏ, ਕਿ ਐਤਵਾਰ ਸਵੇਰੇ ਜ਼ਿਲ੍ਹੇ ਵਿੱਚ ਤਾਜਪੁਰ ਰੋਡ 'ਤੇ ਸਥਿਤ ਗੀਤਾ ਨਗਰ ਦੀ ਏ.ਡੀ ਡਾਇੰਗ ਵਿੱਚ ਤੜਕਸਾਰ ਬੁਆਇਲਰ ਵਿੱਚ ਧਮਾਕਾ ਹੋ ਗਿਆ ਸੀ। ਧਮਾਕੇ ਵਿੱਚ 4 ਵਿਅਕਤੀ ਦੇ ਗੰਭੀਰ ਹੋਣ ਦੀ ਸੂਚਨਾ ਹੈ। ਜਦਕਿ ਇੱਕ ਵਿਅਕਤੀ ਦੀ ਮੌਤ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।
ਬੁਆਇਲਰ ਧਮਾਕੇ ਲਈ ਨਗਰ ਨਿਗਮ ਲੁਧਿਆਣਾ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਜ਼ਿੰਮੇਵਾਰ ਇਸ ਮੌਕੇ ਧਮਾਕੇ ਵਾਲੀ ਥਾਂ ਦਾ ਜਾਇਜ਼ਾ ਲੈਣ ਪੁੱਜੇ ਸੰਜੇ ਤਲਵਾੜ ਨੇ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਐਤਵਾਰ ਨੂੰ ਇਹ ਫ਼ੈਕਟਰੀਆਂ ਬੰਦ ਕਰਨ ਸਬੰਧੀ ਇੱਕ ਨੋਟਿਸ ਕੱਢਿਆ ਹੈ ਪਰੰਤੂ ਇਹ ਨੋਟਿਸ ਸਿਰਫ਼ ਦਿਖਾਵੇ ਦਾ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਆਪਣੀ ਡਿਊਟੀ ਨਹੀਂ ਨਿਭਾ ਰਿਹਾ ਹੈ। ਇਹ ਫ਼ੈਕਟਰੀਆਂ ਉਨ੍ਹਾਂ ਤੋਂ ਪਹਿਲਾਂ ਦੀਆਂ ਹਨ ਅਤੇ ਨਵੀਆਂ ਬੋਰਡ ਨੂੰ ਕਹਿ ਕੇ ਰੁਕਵਾ ਦਿੱਤੀਆਂ ਸਨ ਅਤੇ ਨਵੀਂ ਡਾਇੰਗ ਨੂੰ ਐਨਓਸੀ ਨਹੀਂ ਮਿਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ 350 ਫ਼ੈਕਟਰੀਆਂ ਹਨ, ਪਰ ਪਤਾ ਨਹੀਂ ਕਿਹੜੀ ਮਜਬੂਰੀ ਕਰਕੇ ਪ੍ਰਦੂਸ਼ਣ ਕੰਟਰੋਲ ਬੋਰਡ ਉਨ੍ਹਾਂ ਦੀ ਸਹਾਇਤਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਬੋਰਡ ਅਧਿਕਾਰੀਆਂ ਨੇ ਡਾਇੰਗ ਫ਼ੈਕਟਰੀਆਂ ਖੋਲ੍ਹਣ ਸਬੰਧੀ ਇੱਕ ਡਰਾਮਾ ਰਚਿਆ ਹੋਇਆ ਹੈ। ਉਹ ਥੋੜ੍ਹੀ ਜਿਹੀ ਬੈਂਕ ਗਰੰਟੀ ਜਮ੍ਹਾਂ ਕਰਵਾਉਂਦੇ ਹਨ ਅਤੇ ਉਹ ਡਾਇੰਗ 15 ਦਿਨਾਂ ਬਾਅਦ ਖੋਲ੍ਹ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ 65 ਡਾਇੰਗ ਫ਼ੈਕਟਰੀਆਂ ਦੇ ਕੁਨੈਕਸ਼ਨ ਕੱਟੇ ਗਏ ਸਨ, ਪਰੰਤੂ ਬਾਅਦ ਵਿੱਚ ਉਨ੍ਹਾਂ ਨੂੰ ਨਹੀਂ ਪਤਾ ਕਿ ਕਿਉਂ ਪ੍ਰਦੂਸ਼ਣ ਬੋਰਡ ਨੇ ਕੁਨੈਕਸ਼ਨ ਖੋਲ੍ਹ ਦਿੱਤੇ?
ਉਨ੍ਹਾਂ ਕਿਹਾ ਕਿ ਇਹ ਜਿਹੜਾ ਧਮਾਕਾ ਹੋਇਆ ਹੈ, ਇਸ ਲਈ ਪੂਰੀ ਤਰ੍ਹਾਂ ਨਗਰ ਨਿਗਮ ਲੁਧਿਆਣਾ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਜ਼ਿੰਮੇਵਾਰ ਹੈ, ਜਿਥੋਂ ਤੱਕ ਉਨ੍ਹਾਂ ਦੀ ਗੱਲ ਹੈ ਤਾਂ ਸਰਕਾਰ ਵਿੱਚ ਵਿਧਾਇਕ ਹੋਣ ਦੇ ਨਾਤੇ ਉਨ੍ਹਾਂ ਦੀ ਵੀ ਇਹ ਜ਼ਿੰਮੇਵਾਰੀ ਹੈ ਅਤੇ ਉਹ ਕੋਸ਼ਿਸ਼ ਕਰਨਗੇ ਕਿ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇ।