ਲੁਧਿਆਣਾ:ਜ਼ਿਲ੍ਹੇ ਦੀ ਲਾਈਫਲਾਈਨ ਕਹੇ ਜਾਣ ਵਾਲੇ ਜਗਰਾਉਂ ਪੁਲ ਨੂੰ ਚੂਹਿਆਂ ਨੇ ਅੰਦਰੋਂ ਖੋਖਲਾ ਕਰ ਦਿੱਤਾ ਹੈ ਅਤੇ ਪੁਲ ਦੇ ਅੰਦਰੋਂ ਮਿੱਟੀ ਕੱਢ-ਕੱਢ ਕੇ ਬਾਹਰ ਵੱਡੇ-ਵੱਡੇ ਢੇਰ ਲਗਾ ਦਿੱਤੇ ਹਨ। ਇੱਥੋਂ ਤੱਕ ਕੇ ਪੁਲ ਦੇ ਉੱਤੇ ਬਣੀ ਰੇਲਿੰਗ ਵੀ ਟੁੱਟ ਚੁੱਕੀ ਹੈ। ਥਾਂ-ਥਾਂ ’ਤੇ ਵੱਡੇ ਟੋਏ ਪੈ ਗਏ ਹਨ ਜੋ ਵੱਡੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਲੁਧਿਆਣਾ ਦੇ ਸਮਾਜ ਸੇਵੀ ਨੇ ਬੀਤੇ ਦਿਨੀਂ ਇਹ ਮੁੱਦਾ ਵੀ ਚੁੱਕਿਆ ਸੀ ਜਿਸ ਨੂੰ ਲੈ ਕੇ ਹੁਣ ਸਿਆਸਤ ਗਰਮਾ ਗਈ ਹੈ ਅਤੇ ਚੂਹਿਆਂ ਨੂੰ ਲੈ ਕੇ ਬਿਆਨਬਾਜ਼ੀ ਸਾਹਮਣੇ ਆ ਰਹੀ ਹੈ।
ਜਗਰਾਉਂ ਪੁਲ ਨੂੰ ਲੈਕੇ ਆਹਮੋ ਸਾਹਮਣੇ ਹੋਏ ਰਵਨੀਤ ਬਿੱਟੂ ਤੇ ਆਪ ਵਿਧਾਇਕ ਰਿਟੇਨਿੰਗ ਵਾਲ ਨੂੰ ਕੀਤਾ ਚੂਹਿਆਂ ਨੇ ਖੋਖਲਾ:ਪੂਰੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਵੀ ਪੁਲ ਦਾ ਦੌਰਾ ਕੀਤਾ ਗਿਆ ਅਤੇ ਉੱਪਰ ਫੁੱਟਪਾਥ ਵੇਖ ਕੇ ਇਹ ਦਾਅਵਾ ਕੀਤਾ ਕਿ ਇਹ ਕੋਈ ਵੱਡੀ ਗੱਲ ਨਹੀਂ ਹੈ ਕੁਝ ਕੁ ਹਜ਼ਾਰ ਰੁਪਏ ਦੇ ਖਰਚੇ ਦੇ ਨਾਲ ਇਹ ਠੀਕ ਹੋ ਜਾਵੇਗਾ ਜਦੋਂ ਕਿ ਦੂਜੇ ਪਾਸੇ ਰਿਟੇਨਿੰਗ ਵਾਲ ਨੂੰ ਪੂਰੀ ਤਰ੍ਹਾਂ ਚੂਹਿਆਂ ਨੇ ਖੋਖਲਾ ਕਰ ਦਿੱਤਾ ਹੈ। ਅੰਦਰੋਂ ਮਿੱਟੀ ਕੱਢ ਕੱਢ ਕੇ ਬਾਹਰ ਸੁੱਟ ਦਿੱਤੀ ਹੈ ਜਿਸ ਕਰਕੇ ਪੁਲ ਦੇ ਥੱਲੇ ਹੁਣ ਖਾਲੀ ਥਾਂ ਬਣ ਗਈ ਹੈ ਜਿਸ ਕਰਕੇ ਬਰਸਾਤ ਦੇ ਨਾਲ ਇੱਥੇ ਵੱਡਾ ਹਾਦਸਾ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ।
ਲੁਧਿਆਣਾ ਵਿੱਚ ਬੀਤੇ ਦਿਨੀਂ ਹੀ ਇਕ ਘਟਨਾ ਸਾਹਮਣੇ ਆਈ ਸੀ ਜਿੱਥੇ ਇੱਕ ਸੜਕ ਧਸਣ ਦੇ ਨਾਲ ਸਕੂਲੀ ਵਿਦਿਆਰਥੀ ਵਿੱਚ ਡਿੱਗ ਪਏ ਸਨ ਪਰ ਨਗਰ ਨਿਗਮ ਇਸ ਤੋਂ ਹਾਲੇ ਤੱਕ ਸਬਕ ਨਹੀਂ ਲੈ ਸਕਿਆ ਹੈ ਅਤੇ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ। ਇਸ ਪੂਰੇ ਰਿਟੇਨਿੰਗ ਵਾਲ ਨੂੰ ਚੂਹਿਆਂ ਨੇ ਖੋਖਲਾ ਕਰ ਦਿੱਤਾ ਹੈ ਚੂਹੇ ਰੇਲਵੇ ਲਾਈਨਾਂ ਤੋਂ ਆਉਂਦੇ ਹਨ।
2015 ਵਿੱਚ ਖਰਚੇ ਗਏ ਸਨ 45 ਲੱਖ: ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਰਿਟੇਨਿੰਗ ਵਾਲ ਨੂੰ ਪੂਰੀ ਤਰ੍ਹਾਂ ਖੋਖਲਾ ਕਰ ਦਿੱਤਾ ਗਿਆ ਹੋਵੇ ਇਸ ਤੋਂ ਪਹਿਲਾਂ ਵੀ ਵਿਸ਼ਵਕਰਮਾ ਚੌਕ ਵਿੱਚ ਬਣੇ ਪੁਲ ਦੀ ਰਿਟੇਨਿੰਗ ਵਾਲ ਨੂੰ ਪੂਰੀ ਤਰ੍ਹਾਂ ਚੂਹਿਆਂ ਨੇ ਖੋਖਲਾ ਕਰ ਦਿੱਤਾ ਸੀ ਅਤੇ 2015 ਦੇ ਵਿੱਚ ਨਗਰ ਨਿਗਮ ਵੱਲੋਂ ਇਸ ’ਤੇ 45 ਲੱਖ ਰੁਪਏ ਦਾ ਖਰਚਾ ਕਰਕੇ ਇਸ ਦੀ ਮੁਰੰਮਤ ਕਰਵਾਈ ਗਈ ਸੀ ਅਤੇ ਹੁਣ ਜਗਰਾਉਂ ਪੁਲ ਦਾ ਵੀ ਇਹੀ ਹਾਲ ਹੁੰਦਾ ਜਾ ਰਿਹਾ ਹੈ। 1975 ਦੇ ਵਿੱਚ ਇਸ ਪੁਲ ਦਾ ਨਿਰਮਾਣ ਕੀਤਾ ਗਿਆ ਸੀ ਪੁਲ ਨੂੰ ਬਣੇ ਹੋਏ 47 ਸਾਲ ਹੋ ਚੁੱਕੇ ਹਨ।
ਸਮਾਜ ਸੇਵੀ ਨੇ ਚੁੱਕਿਆ ਮੁੱਦਾ: ਦਰਅਸਲ ਇਸ ਪੁਲ ਦਾ ਮੁੱਦਾ ਬੀਤੇ ਦਿਨੀਂ ਸਮਾਜ ਸੇਵੀ ਗੁਰਪਾਲ ਸਿੰਘ ਗਰੇਵਾਲ ਵੱਲੋਂ ਚੁੱਕਿਆ ਗਿਆ ਸੀ। ਉਨ੍ਹਾਂ ਪੁਲ ਦੇ ਉੱਤੇ ਲਾਈਵ ਕਰਕੇ ਨਗਰ ਨਿਗਮ ’ਤੇ ਸਵਾਲ ਖੜ੍ਹੇ ਕੀਤੇ ਸੀ ਕਿ ਪੁਲ ਦਾ ਫੁੱਟਪਾਥ ਟੁੱਟ ਚੁੱਕਾ ਹੈ ਅਤੇ ਉਸ ਵਿੱਚ 4 ਫੁੱਟ ਡੂੰਘਾ ਟੋਆ ਪੈ ਚੁੱਕਾ ਹੈ ਜੋ ਹਾਦਸਿਆਂ ਨੂੰ ਸੱਦਾ ਦਿੰਦਾ ਹੈ ਅਤੇ ਕਿਸੇ ਵੀ ਵੇਲੇ ਵੱਡਾ ਹਾਦਸਾ ਹੋ ਸਕਦਾ ਹੈ ਇੱਥੋਂ ਤੱਕ ਕਿ ਚੂਹਿਆਂ ਨੇ ਪੂਰੇ ਪੁਲ ਦੇ ਬੇਸ ਨੂੰ ਮਿੱਟੀ ਕੱਢ ਕੱਢ ਕੇ ਖੋਖਲਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੀਂਹ ਵਿੱਚ ਪੁਲ ਦੇ ਥੱਲੇ ਪਾਣੀ ਭਰਨ ਨਾਲ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਨਗਰ ਨਿਗਮ ਆਪਣੀਆਂ ਪੁਰਾਣੀਆਂ ਗ਼ਲਤੀਆਂ ਤੋਂ ਸਬਕ ਨਹੀਂ ਲੈ ਰਹੀ ਕਿਉਂਕਿ ਪਹਿਲਾਂ ਵੀ ਅਜਿਹੇ ਹਾਦਸੇ ਹੋ ਚੁੱਕੇ ਹਨ। ਸਮਾਜ ਸੇਵੀ ਨੇ ਕਿਹਾ ਕਿ ਇਸ ਪੂਰੇ ਪੁਲ ਦੀ ਮੁੜ ਤੋਂ ਮੁਰੰਮਤ ਕਰਵਾਉਣੀ ਚਾਹੀਦੀ ਹੈ ਤਾਂ ਜੋ ਕੋਈ ਵੀ ਰਾਹਗੀਰ ਹਾਦਸੇ ਦਾ ਸ਼ਿਕਾਰ ਨਾ ਹੋਣ।
ਜਗਰਾਉਂ ਪੁਲ ਨੂੰ ਲੈਕੇ ਆਹਮੋ ਸਾਹਮਣੇ ਹੋਏ ਰਵਨੀਤ ਬਿੱਟੂ ਤੇ ਆਪ ਵਿਧਾਇਕ ਚੂਹਿਆਂ ’ਤੇ ਭਖੀ ਸਿਆਸਤ: ਓਧਰ ਜਗਰਾਉਂ ਪੁਲ ਦੀ ਇਸ ਖਸਤਾ ਹਾਲਤ ਨੂੰ ਲੈ ਕੇ ਲੁਧਿਆਣਾ ਵਿਚ ਚੂਹਿਆਂ ਨੂੰ ਲੈ ਕੇ ਸਿਆਸਤ ਵੀ ਗਰਮਾਉਣ ਲੱਗੀ ਹੈ। ਸਮਾਰਟ ਸਿਟੀ ਪ੍ਰਾਜੈਕਟ ਨੂੰ ਲੈ ਕੇ ਮੀਟਿੰਗ ਕਰ ਰਹੇ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੂੰ ਜਦੋਂ ਇਸ ਸਬੰਧੀ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਚੂਹੇ ਖਾਲਿਸਤਾਨੀਆਂ ਤੋਂ ਵੀ ਖਤਰਨਾਕ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕੋਈ ਟੀਮ ਦਾ ਗਠਨ ਕਰਨਾ ਚਾਹੀਦਾ ਹੈ ਤਾਂ ਜੋ ਉਹ ਇਨ੍ਹਾਂ ਚੂਹਿਆਂ ’ਤੇ ਠੱਲ੍ਹ ਪਾਈ ਜਾ ਸਕੇ। ਓਧਰ ਦੂਜੇ ਪਾਸੇ ਰਵਨੀਤ ਬਿੱਟੂ ਨੇ ਇਸ ਪ੍ਰਤੀਕਰਮ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਭੜਕਦੇ ਵਿਖਾਈ ਦਿੱਤੇ। ਉਨ੍ਹਾਂ ਕਿਹਾ ਕਿ ਚੂਹੇ ਫੜਨ ਦੀ ਟੀਮ ਐਮ ਪੀ ਸਾਹਿਬ ਦੀ ਹੈ ਆਮ ਆਦਮੀ ਪਾਰਟੀ ਤਾਂ ਭ੍ਰਿਸ਼ਟ ਮਗਰਮੱਛਾਂ ਅਤੇ ਘੜਿਆਲਾਂ ਨੂੰ ਫੜਦੀ ਹੈ।
ਇਹ ਵੀ ਪੜ੍ਹੋ:ਝੂਠ ਬੋਲਣ ’ਚ ਕੇਜਰੀਵਾਲ ਨੇ ਸੁਖਬੀਰ ਨੂੰ ਵੀ ਛੱਡਿਆ ਪਿੱਛੇ: ਸਿੱਧੂ