ਖੰਨਾ: ਕਹਿੰਦੇ ਨੇ ਕਿ ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ... ਇਹ ਕਹਾਵਤ ਖੰਨਾ ਵਿਖੇ ਉਸ ਸਮੇਂ ਇੱਕ ਵਾਰ ਮੁੜ ਸੱਚ ਸਾਬਤ ਹੋਈ, ਜਦੋਂ ਦਿੱਲੀ ਅੰਮ੍ਰਿਤਸਰ ਕੌਮੀ ਮਾਰਗ ਉਪਰ ਤੇਜ਼ ਰਫ਼ਤਾਰ ਕਾਰ ਚੱਲਦੀ ਹੋਈ ਕਈ ਪਲਟੀਆਂ ਖਾ ਗਈ। ਇਸ ਵਿੱਚ ਸਵਾਰ 2 ਨੌਜਵਾਨਾਂ ਦੀ ਜਾਨ ਹੀ ਨਹੀਂ ਬਚੀ ਬਲਕਿ ਗੰਭੀਰ ਸੱਟਾਂ ਤੋਂ ਵੀ ਬਚਾਅ ਰਿਹਾ। ਰੱਬ ਦੀ ਮਿਹਰ ਰਹੀ ਕਿ ਇਹਨਾਂ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਅਤੇ ਇਹਨਾਂ ਨੂੰ ਲੋਕਾਂ ਨੇ ਬਾਹਰ ਕੱਢਿਆ। ਜਿਸ ਤਰੀਕੇ ਨਾਲ ਇਹ ਹਾਦਸਾ ਹੋਇਆ ਉਸਨੂੰ ਦੇਖ ਕੇ ਹਰ ਕੋਈ ਰਾਹਗੀਰ ਇਹੀ ਪੁੱਛ ਰਿਹਾ ਸੀ ਕਿ ਕਾਰ ਸਵਾਰ ਬਚ ਗਏ।
ਦਿੱਲੀ ਅੰਮ੍ਰਿਤਸਰ ਕੌਮੀ ਮਾਰਗ 'ਤੇ ਸੜਕ ਹਾਦਸਾ:-ਜਾਣਕਾਰੀ ਅਨੁਸਾਰ ਕਿਆ ਗੱਡੀ 'ਚ ਸਵਾਰ 2 ਨੌਜਵਾਨ ਦਿੱਲੀ ਤੋਂ ਫਗਵਾੜਾ ਜਾ ਰਹੇ ਸੀ ਤਾਂ ਇਸੇ ਦੌਰਾਨ ਜਦੋਂ ਇਹ ਨੌਜਵਾਨ ਖੰਨਾ ਦੇ ਪਿੰਡ ਭੱਟੀਆਂ ਨੇੜੇ ਪੁੱਜੇ ਤਾਂ ਦਿੱਲੀ ਅੰਮ੍ਰਿਤਸਰ ਕੌਮੀ ਮਾਰਗ ਉਪਰ ਚੱਲਦੀ ਗੱਡੀ ਦਾ ਅਚਾਨਕ ਅਗਲਾ ਟਾਇਰ ਫੱਟ ਗਿਆ। ਜਿਸ ਉਪਰੰਤ ਇਹ ਕਾਰ ਅੱਗੇ ਜਾ ਰਹੇ ਟਿੱਪਰ ਦੇ ਨਾਲ ਟਕਰਾ ਗਈ। ਟੱਕਰ ਮਗਰੋਂ ਉਹਨਾਂ ਦੀ ਕਾਰ ਨੇ ਕਈ ਪਲਟੀਆਂ ਖਾਧੀਆਂ ਅਤੇ ਕਾਰ ਪਲਟੀ ਹੋਈ ਹਾਲਤ 'ਚ ਹੀ ਰਹੀ। ਉਹਨਾਂ ਨੂੰ ਲੋਕਾਂ ਨੇ ਸ਼ੀਸ਼ਿਆਂ ਰਾਹੀਂ ਬਾਹਰ ਕੱਢਿਆ।