ਪੰਜਾਬ 'ਚ ਲੇਟ ਹੋ ਸਕਦਾ ਹੈ ਮਾਨਸੂਨ, ਕਿਸਾਨਾਂ ਦੀਆਂ ਵਧ ਸਕਦੀਆਂ ਨੇ ਚਿੰਤਾਵਾਂ ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਆਈਆਈਡੀ ਵੱਲੋਂ ਇਸ ਵਾਰ ਮੌਨਸੂਨ ਕਮਜ਼ੋਰ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ। ਜਿਸ ਦਾ ਮੁੱਖ ਕਾਰਨ ਐਲ ਨੀਨੋ ਪਰਭਾਵ ਹੈ ਕਿਉਂਕਿ ਇਸ ਸਾਲ ਅਪ੍ਰੈਲ ਮਹੀਨੇ ਵਿੱਚ ਅਤੇ ਮਈ ਮਹੀਨੇ ਆਮ ਨਾਲੋਂ ਵਧੇਰੇ ਬਾਰਿਸ਼ ਹੋਈ ਹੈ। ਜਿਸ ਕਰਕੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਨਾ ਸਿਰਫ ਇਸ ਸਾਲ ਮਾਨਸੂਨ ਕਮਜ਼ੋਰ ਰਹੇਗਾ ਸਗੋ ਉੱਤਰ ਭਾਰਤ ਦੇ ਵਿੱਚ ਉਸ ਦੀ ਐਂਟਰੀ ਵੀ ਆਮ ਨਾਲੋ ਲੇਟ ਹੋਵੇਗੀ।
ਲੇਟ ਹੋ ਸਕਦਾ ਮਾਨਸੂਨ:ਆਮ ਤੌਰ 'ਤੇ ਪੰਜਾਬ ਦੇ ਵਿੱਚ ਮਾਨਸੂਨ ਦਾ ਜੁਲਾਈ ਦੇ ਪਹਿਲੇ ਹਫ਼ਤੇ ਦਾਖਲ ਹੋ ਜਾਂਦਾ ਹੈ ਪਰ ਇਸ ਵਾਰ ਕੁੱਝ ਦਿਨ ਲੇਟ ਹੋ ਸਕਦਾ ਹੈ। ਹਾਲਾਂਕਿ ਪ੍ਰੀ ਮਾਨਸੂਨ ਸ਼ਾਵਰ ਤੇ ਉਸ ਦਾ ਕੋਈ ਖਾਸ ਪ੍ਰਭਾਵ ਨਹੀਂ ਪਵੇਗਾ। ਪਰ ਮਈ ਮਹੀਨੇ ਅਤੇ ਅਪ੍ਰੈਲ ਮਹੀਨੇ ਵਿੱਚ ਆਏ ਪੱਛਮੀ ਚੱਕਰਵਾਤ ਕਾਰਨ 2021-22 ਦੇ ਮੁਕਾਬਲੇ ਇਸ ਵਾਰ ਬਾਰਿਸ਼ਾਂ ਘੱਟ ਹੋਣਗੀਆਂ।
ਕਿਹੜੇ ਜਿਲ੍ਹਿਆਂ ਵਿੱਚ ਕਿੰਨਾਂ ਪੀਆ ਮੀਂਹ ਕਿਹੜੇ ਜਿਲ੍ਹਿਆਂ ਵਿੱਚ ਕਿੰਨਾਂ ਪੀਆ ਮੀਂਹ:ਭਾਰਤੀ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਅੰਕੜਿਆਂ ਦੇ ਮੁਤਾਬਕ ਸਾਲ 2022 ਦੇ ਵਿੱਚ ਪੰਜਾਬ ਦੇ 22 ਜ਼ਿਲ੍ਹਿਆਂ ਦੇ ਵਿੱਚੋ 10 ਜ਼ਿਲਿਆਂ ਦੇ ਅੰਦਰ ਆਮ ਬਾਰਿਸ਼ ਹੋਈ ਭਾਵ ਕੇ 438.8 ਐਮਐਮ ਦੇ ਕਰੀਬ ਬਾਰਿਸ਼ ਹੋਈ। ਜਦੋਂ ਕਿ ਚਾਰ ਜ਼ਿਲਿਆਂ ਦੇ ਵਿੱਚ ਜ਼ਿਆਦਾ ਬਾਰਿਸ਼ ਹੋਈ ਜਿਨ੍ਹਾਂ ਵਿਚ ਪਠਾਨਕੋਟ, ਬਠਿੰਡਾ, ਫਿਰੋਜ਼ਪੁਰ ਅਤੇ ਮੋਹਾਲੀ ਦੇ ਵਿੱਚ ਆਮ ਨਾਲੋਂ ਜ਼ਿਆਦਾ ਬਾਰਿਸ਼ ਹੋਈ। ਜਦੋਂ ਕਿ 7 ਜ਼ਿਲਿਆਂ ਵਿਚ ਆਮ ਨਾਲੋਂ ਘੱਟ ਬਾਰਿਸ਼ ਹੋਈ ਸੀ। ਜੂਨ ਮਹੀਨੇ ਵਿੱਚ ਆਮ ਤੌਰ ਤੇ 54.5 ਐਮ ਐਮ ਬਾਰਿਸ਼ ਹੁੰਦੀ ਹੈ ਪਰ ਪਿਛਲੇ ਸਾਲ 39.7mm ਰਹੀ, ਜੁਲਾਈ 'ਚ ਆਮ 161.4 mm ਹੋਈ 219.3mm, ਅਗਸਤ 'ਚ ਆਮ ਤੌਰ 'ਤੇ 146.2 mm ਬਾਰਿਸ਼ ਦੀ ਥਾਂ 58.4 mm ਬਾਰਿਸ਼ ਹੋਈ। ਸਤੰਬਰ 'ਚ ਆਮ ਨਾਲੋਂ ਜਿਆਦਾ ਬਾਰਿਸ਼ ਰਿਕਾਰਡ ਕੀਤੀ ਗਈ।
ਪਿਛਲੇ ਸਾਲਾਂ ਵਿੱਚ ਕਿੰਨਾਂ ਪਿਆ ਮੀਂਹ ਪਿਛਲੇ ਸਾਲਾਂ ਵਿੱਚ ਕਿੰਨਾਂ ਪਿਆ ਮੀਂਹ :ਪਿਛਲੇ ਸਾਲਾਂ ਦੀ ਗੱਲ ਕੀਤੀ ਜਾਵੇਂ ਤਾਂ ਸਾਲ 2008 'ਚ 528.2 mm ਮੀਂਹ, 2009 'ਚ 384.9mm, 2010 'ਚ 472.1mm, 2013 'ਚ 619.7mm ਬਾਰਿਸ਼ ਹੋਈ। 2014 'ਚ 384.9mm, 2015 'ਚ 546.9mm, ਸਾਲ 2018 'ਚ 598.3 ਅਤੇ ਸਾਲ 2019 ਚ 578.6mm ਬਾਰਿਸ਼ ਦਰਜ ਕੀਤੀ ਗਈ ਹੈ। ਪੰਜਾਬ 'ਚ ਪਿਛਲੇ ਸਾਲਾਂ ਦੇ ਅੰਕੜਿਆਂ ਮੁਤਾਬਿਕ 60-70% ਬਾਰਿਸ਼ ਜਿਆਦਾਤਰ ਜੁਲਾਈ ਤੋਂ ਲੈ ਕੇ ਸਤੰਬਰ ਮਹੀਨੇ ਦੇ ਵਿਚਕਾਰ ਹੁੰਦੀ ਹੈ। ਪਰ ਇਸ ਸਾਲ ਅਪ੍ਰੈਲ ਤੇ ਮਈ ਮਹੀਨੇ ਦੇ ਵਿਚ ਹੀ 80 ਐਮਐਮ ਦੇ ਕਰੀਬ ਬਾਰਿਸ਼ ਹੋ ਚੁੱਕੀ ਹੈ।
ਕੇਰਲਾ ਮਾਨਸੂਨ ਦੇਰੀ ਦੇ ਨਾਲ ਆਇਆ: ਵਾਤਾਵਰਨ ਦੇ ਮਾਹਿਰਾਂ ਮੁਤਾਬਕ ਇਸ ਸਾਲ ਕੇਰਲਾ ਦੇ ਵਿਚ ਮਾਨਸੂਨ ਦੇਰੀ ਦੇ ਨਾਲ ਆਇਆ ਹੈ। 4 ਜੂਨ ਤੱਕ ਕੇਰਲ ਵਿੱਚ ਮੌਨਸੂਨ ਦੀ ਬਾਰਿਸ਼ ਹੋਣ ਦੀ ਭਵਿੱਖਬਾਣੀ ਹੈ ਜੋ ਕਿ ਚਾਰ ਦਿਨ ਦੇਰੀ ਨਾਲ ਹੈ। ਆਮ ਤੌਰ ਤੇ ਇੱਕ ਜੂਨ ਨੂੰ ਕੇਰਲ ਵਿੱਚ ਮੌਨਸੂਨ ਦਸਤਕ ਦੇ ਦਿੰਦਾ ਹੈ। ਮੌਨਸੂਨ ਦਾ ਦੇਰੀ ਦੇ ਨਾਲ ਆਉਣਾ ਭਾਰਤ ਦੀ ਅਰਥ-ਵਿਵਸਥਾ ਦੇ ਲਈ ਵੀ ਕਾਫੀ ਨੁਕਸਾਨਦੇਹ ਸਾਬਤ ਹੁੰਦਾ ਹੈ। ਜੇਕਰ ਕੇਰਲ ਦੇ ਵਿੱਚ ਚਾਰ ਦਿਨ ਮੌਨਸੂਨ ਦੀ ਦੇਰੀ ਨਾਲ ਦਸਤਕ ਦੇਣ ਦੀ ਗੱਲ ਸਾਹਮਣੇ ਆਈ ਹੈ ਤਾਂ ਉੱਤਰ ਭਾਰਤ ਦੇ ਵਿੱਚ ਇਹ ਸਮਾਂ ਹੋਰ ਵੀ ਵੱਧ ਸਕਦਾ ਹੈ।
ਝੋਨੇ ਦੀ ਲਵਾਈ ਉਤੇ ਅਸਰ:ਜੇਕਰ ਜੁਲਾਈ ਦੇ ਪਹਿਲੇ ਹਫ਼ਤੇ ਤੋਂ ਬਾਅਦ ਮਾਨਸੂਨ ਆਉਂਦਾ ਹੈ ਤਾਂ ਕਿਸਾਨਾਂ ਦੀ ਝੋਨੇ ਦੀ ਫਸਲ ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਮੌਨਸੂਨ ਦੀ ਆਮਦ ਦੇ ਮੱਦੇਨਜ਼ਰ ਵੀ ਸਰਕਾਰਾਂ ਵੱਲੋਂ 20 ਜੂਨ ਤੋਂ ਬਾਅਦ ਝੋਨੇ ਦੀ ਲਵਾਈ ਦੀ ਸ਼ੁਰੂਆਤ ਕਰਵਾਈ ਜਾਂਦੀ ਹੈ, ਪਰ ਅਜਿਹਾ ਨਾ ਹੋਣ ਨਾਲ ਧਰਤੀ ਹੇਠਲਾ ਪਾਣੀ ਮੋਟਰਾਂ ਰਾਹੀਂ ਕੱਢਿਆ ਜਾਵੇਗਾ, ਜਿਨ੍ਹਾਂ ਇਲਾਕਿਆਂ ਵਿੱਚ ਪਾਣੀ ਡੂੰਘੇ ਹੋ ਚੁੱਕੇ ਹਨ ਉਨ੍ਹਾਂ ਇਲਾਕਿਆਂ 'ਚ ਮੌਨਸੂਨ ਦੀ ਦੇਰੀ ਨਾਲ ਦਸਤਕ ਇਕ ਵੱਡਾ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ।