ਲੁਧਿਆਣਾ :ਪੰਜਾਬ ਭਰ ਵਿੱਚ 30 ਮਈ ਤੱਕ ਤੇਜ਼ ਹਵਾਵਾਂ ਤੇ ਬਾਰਿਸ਼ ਪੈਣ ਦੇ ਆਸਾਰ ਹਨ। ਇਹ ਜਾਣਕਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਵੱਲੋਂ ਸਾਂਝੀ ਕੀਤੀ ਗਈ ਹੈ। ਇਸ ਵਾਰ ਮਈ ਮਹੀਨੇ ਵਿਚ ਅਤੇ ਅਪ੍ਰੈਲ ਮਹੀਨੇ ਦੇ ਵਿੱਚ ਰਿਕਾਰਡ ਤੋੜ ਬਾਰਿਸ਼ਾਂ ਹੋਈਆਂ ਹਨ। ਖਾਸ ਕਰਕੇ ਮਈ ਮਹੀਨੇ ਵਿੱਚ ਲਗਾਤਾਰ ਇੱਕ ਤੋਂ ਬਾਅਦ ਇੱਕ ਪੱਛਮੀ ਚੱਕਰਵਾਤ ਆਉਣ ਕਰਕੇ ਬਾਰਿਸ਼ ਦਾ ਮੌਸਮ ਬਣਿਆ ਰਿਹਾ ਹੈ। ਮਈ ਮਹੀਨੇ ਵਿਚ ਸਿਰਫ 21 ਤੋਂ 22 ਮਈ ਦੇ ਦੌਰਾਨ ਹੀ ਤਾਪਮਾਨ 42 ਤੋਂ 43 ਡਿਗਰੀ ਰਿਹਾ ਹੈ, ਜੋਕਿ ਆਮ ਨਾਲੋਂ 3 ਡਿਗਰੀ ਤੱਕ ਜ਼ਿਆਦਾ ਸੀ, ਪਰ ਬਾਕੀ ਮਹੀਨੇ ਵਿਚ ਗਰਮੀ ਦਾ ਬਹੁਤਾ ਅਸਰ ਵੇਖਣ ਨੂੰ ਨਹੀਂ ਮਿਲਿਆ ਹੈ।
30 ਮਈ ਤੱਕ ਪੱਛਮੀ ਚੱਕਰਵਾਤ ਦੇ ਸਰਗਰਮ ਰਹਿਣ ਦੀ ਸੰਭਾਵਨਾ :ਆਮ ਮਈ ਮਹੀਨੇ ਵਿਚ 23mm ਤੱਕ ਬਾਰਿਸ਼ ਹੁੰਦੀ ਹੈ, ਪਰ 20 ਐਮਐਮ ਤੱਕ ਪਹਿਲਾਂ ਹੀ ਪੈ ਚੁੱਕੀ ਹੈ। ਇਸੇ ਤਰ੍ਹਾਂ ਅਪ੍ਰੈਲ ਮਹੀਨੇ ਵਿੱਚ ਵੀ ਪੱਛਮੀ ਚੱਕਰਵਾਤ ਕਰਕੇ ਕਾਫੀ ਬਾਰਿਸ਼ ਹੁੰਦੀ ਰਹੀ ਹੈ। ਪੰਜਾਬ ਵਿੱਚ ਮੌਜੂਦਾ ਹਾਲਾਤ ਦੇ ਅੰਦਰ 30 ਮਈ ਤੱਕ ਪੱਛਮੀ ਚੱਕਰਵਾਤ ਦੇ ਸਰਗਰਮ ਰਹਿਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਹਾਲਾਂਕਿ ਮੌਸਮ ਸਾਫ ਰਹਿਣ ਦੀ ਭਵਿੱਖਬਾਣੀ ਹੈ, ਪਰ ਪੰਜਾਬ ਭਰ ਵਿੱਚ 30 ਮਈ ਤੱਕ ਹਲਕੀ ਬਾਰਿਸ਼ ਤੇ ਤੇਜ਼ ਹਵਾਵਾਂ ਅਤੇ ਬੱਦਲਵਾਹੀ ਵਾਲਾ ਮੌਸਮ ਰਹਿਣ ਦੀ ਸੰਭਾਵਨਾ ਹੈ, ਜਿਸ ਨਾਲ ਗਰਮੀ ਦਾ ਪ੍ਰਕੋਪ ਬਹੁਤਾ ਜ਼ਮੀਨੀ ਪੱਧਰ ਉਤੇ ਨਹੀਂ ਵੇਖਣ ਨੂੰ ਮਿਲੇਗਾ।