ਲੁਧਿਆਣਾ: ਇਸ ਸਾਲ ਮੌਨਸੂਨ ਦੀ ਆਮਦ ਅੰਮ੍ਰਿਤਸਰ ਤੋਂ 17 ਦਿਨ ਪਹਿਲਾਂ ਹੀ ਹੋ ਚੁੱਕੀ ਹੈ। ਇਸ ਵਾਰ ਮੌਨਸੂਨ ਯੂ.ਪੀ ਦੇ ਰਾਹੀਂ ਨਹੀਂ ਸਗੋਂ ਰਾਜਸਥਾਨ ਹਰਿਆਣਾ ਅਤੇ ਹਿਮਾਚਲ ਤੋਂ ਹੁੰਦਾ ਹੋਇਆ ਅੰਮ੍ਰਿਤਸਰ ਵਿੱਚ ਦਾਖ਼ਲ ਹੋਇਆ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਆਉਂਦੇ 48 ਘੰਟਿਆਂ ਅੰਦਰ ਇਹ ਉੱਤਰੀ ਇਲਾਕਿਆਂ ਨੂੰ ਪੂਰੀ ਤਰ੍ਹਾਂ ਕਵਰ ਕਰ ਲਵੇਗਾ। ਮੌਸਮ ਵਿੱਚ ਆਈ ਤਬਦੀਲੀ ਦੇ ਕਰਕੇ ਲਗਾਤਾਰ ਜੂਨ ਮਹੀਨੇ ਵਿੱਚ ਬਾਰਿਸ਼ਾਂ ਹੁੰਦੀਆਂ ਰਹੀਆਂ ਹਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਂਦੇ ਕੁਝ ਦਿਨਾਂ ਵਿੱਚ ਮੁੜ ਤੋਂ ਪੰਜਾਬ ਵਿੱਚ ਬਾਰਿਸ਼ ਹੋਵੇਗੀ। ਹੁਣ ਤੱਕ ਜੂਨ ਦੇ ਪਹਿਲੇ ਦੋ ਹਫਤਿਆਂ ਵਿਚ ਹੀ 65 ਐਮ ਐਮ ਤਕ ਮੀਂਹ ਪੈ ਚੁੱਕਾ ਹੈ ਜਦੋਂਕਿ ਆਮ ਤੌਰ ਉੱਤੇ ਜੂਨ ਮਹੀਨੇ ਵਿੱਚ 61 ਐਮਐਮ ਦੇ ਗ਼ਰੀਬ ਬਾਰਿਸ਼ ਹੁੰਦੀ ਹੈ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜੂਨ ਮਹੀਨੇ ਵਿੱਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਅਤੇ ਭਾਰਤ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:World Blood Donor Day:ਲੋਕਾਂ ਨੂੰ ਖੂਨਦਾਨ ਲਈ ਆਉਣਾ ਚਾਹੀਦਾ ਅੱਗੇ-ਰਾਕੇਸ਼ ਸ਼ਰਮਾ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਸਹਾਇਕ ਵਿਗਿਆਨੀ ਡਾ. ਪਲਵਿੰਦਰ ਕੌਰ ਗਿੱਲ ਨੇ ਸਾਡੇ ਸਹਿਯੋਗੀ ਨਾਲ ਫੋਨ ਉੱਤੇ ਗੱਲਬਾਤ ਕਰਕੇ ਦੱਸਿਆ ਕਿ ਇਸ ਸਾਲ ਮੌਨਸੂਨ ਨੇ ਅੰਮ੍ਰਿਤਸਰ ਤੋਂ ਪਹਿਲਾਂ ਹੀ ਦਸਤਕ ਦੇ ਦਿੱਤੀ ਹੈ ਅਤੇ ਪ੍ਰੀ ਮੌਨਸੂਨ ਦੀਆਂ ਬਾਰਿਸ਼ਾਂ ਪਹਿਲਾਂ ਹੀ ਜੂਨ ਮਹੀਨੇ ਵਿੱਚ ਪੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਤਿੰਨ ਦਿਨਾਂ ਤੱਕ ਬਾਰਿਸ਼ ਦੇ ਆਸਾਰ ਹਨ ਅਤੇ ਮੌਨਸੂਨ ਦੀਆਂ ਗਤੀਵਿਧੀਆਂ ਵੀ ਤੇਜ਼ ਹੋ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਮੌਸਮ ਵਿੱਚ ਵੱਡੀਆਂ ਤਬਦੀਲੀਆਂ ਹੋਣ ਕਰਕੇ ਅਜਿਹਾ ਹੋ ਰਿਹਾ ਹੈ ਹਾਲਾਂਕਿ ਉਨ੍ਹਾਂ ਦੱਸਿਆ ਕਿ ਮੌਨਸੂਨ ਦੀ ਪਹਿਲਾਂ ਆਮਦ ਦਾ ਕਿਸਾਨਾਂ ਨੂੰ ਕੋਈ ਨੁਕਸਾਨ ਨਹੀਂ ਹੈ ਸਗੋਂ ਇਸ ਦਾ ਉਨ੍ਹਾਂ ਨੂੰ ਫਾਇਦਾ ਹੀ ਹੋਵੇਗਾ ਕਿਉਂਕਿ ਪੰਜਾਬ ਭਰ ਦੇ ਵਿੱਚ ਹੁਣ ਝੋਨੇ ਦੀ ਲਵਾਈ ਸ਼ੁਰੂ ਹੋ ਗਈ ਹੈ ਅਤੇ ਅਜਿਹੇ ਵਿੱਚ ਬਾਰਿਸ਼ਾਂ ਨਾਲ ਕਿਸਾਨਾਂ ਨੂੰ ਸਿੰਜਾਈ ਲਈ ਭਰਪੂਰ ਪਾਣੀ ਮਿਲੇਗਾ ਅਤੇ ਟਿਊਬਵੈੱਲ ਬਹੁਤੇ ਨਹੀਂ ਚਲਾਉਣੇ ਪੈਣਗੇ ਜਿਸ ਨਾਲ ਧਰਤੀ ਹੇਠਲਾ ਪਾਣੀ ਵੀ ਬਚਾਇਆ ਜਾ ਸਕੇਗਾ।