ਲੁਧਿਆਣਾ:ਲੁਧਿਆਣਾ ਪਹੁੰਚੀ ਭਾਰਤ ਜੋੜੋ ਯਾਤਰਾ ਵਿੱਚ ਮੋਬਾਈਲ ਚੋਰਾਂ ਨੇ ਵੀ ਆਪਣਾ ਦਾਅ ਲਗਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਕੋਈ ਅੱਧਾ ਦਰਜਨ ਤੋਂ ਵੱਧ ਲੋਕਾਂ ਦੇ ਮੋਬਾਈਲ ਫੋਨ ਯਾਤਰਾ ਦੌਰਾਨ ਕੱਢੇ ਗਏ ਹਨ। ਇੰਨਾ ਹੀ ਨਹੀਂ ਹਰਿਆਣਾ ਤੋਂ ਆਏ ਹੋਏ ਸੁਰੱਖਿਆ ਮੁਲਾਜ਼ਮ ਦਾ ਮੋਬਾਇਲ ਵੀ ਯਾਤਰਾ ਦੌਰਾਨ ਚੋਰੀ ਕਰ ਲਿਆ ਗਿਆ ਹੈ। ਦੂਜੇ ਪਾਸੇ ਕਈ ਕਾਂਗਰਸੀ ਵਰਕਰਾਂ ਦੇ ਵੀ ਮੋਬਾਇਲ ਫੋਨ ਚੋਰੀ ਹੋਏ ਹਨ।
ਕਰੀਬ 6 ਮੋਬਾਇਲ ਹੋਏ ਚੋਰੀ:ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਇਕ ਕਾਂਗਰਸੀ ਵਰਕਰ ਨੇ ਦੱਸਿਆ ਕਿ ਕੁੱਲ 6 ਮੋਬਾਈਲ ਫੋਨ ਚੋਰੀ ਹੋਏ ਹਨ, ਜਿਨ੍ਹਾਂ ਵਿੱਚ ਇਕ ਮੋਬਾਈਲ ਫੋਨ ਹਰਿਆਣਾ ਤੋਂ ਆਏ ਇਕ ਸੁਰੱਖਿਆ ਮੁਲਾਜ਼ਮ ਦਾ ਵੀ ਹੈ। ਉਨ੍ਹਾਂ ਕਿਹਾ ਕਿ ਸ਼ਰਮ ਵਾਲੀ ਗੱਲ ਹੈ ਸ਼ਹਿਰ ਪਹੁੰਚੀ ਇਸ ਯਾਤਰਾ ਵਿੱਚ ਹੋਰ ਵੀ ਕਈ ਵੱਡੇ ਆਗੂ ਹਨ ਤੇ ਇਹੋ ਜਿਹੀ ਘਟਨਾ ਨਾਲ ਨਮੋਸ਼ੀ ਵੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਚੋਰ ਨੂੰ ਫੜ੍ਹ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਅਤੇ ਹੁਣ ਪੁਲਿਸ ਥਾਣੇ ਬੁਲਾ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਮੋਬਾਈਲ ਫੋਨ ਵੀ ਚੋਰ ਤੋਂ ਮੌਕੇ ਉੱਤੇ ਹੀ ਬਰਾਮਦ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ:ਸਿੱਖ ਫੌਜੀਆਂ ਲਈ ਹੈਲਮੇਟ ਦਾ ਵਿਰੋਧ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੇਂਦਰ ਨੂੰ ਇਸ ਫੈਸਲੇ 'ਤੇ ਗੌਰ ਕਰਨ ਲਈ ਕਿਹਾ
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਜਦੋਂ ਉਕਤ ਪੁਲਿਸ ਮੁਲਾਜਮ ਨੂੰ ਮੋਬਾਇਲ ਬਾਰੇ ਪੁੱਛਿਆ ਗਿਆ ਤਾਂ ਉਸਨੇ ਇਸ ਸਵਾਲ ਦਾ ਕੋਈ ਵੀ ਸਪਸ਼ਟ ਜਵਾਬ ਨਹੀਂ ਦਿੱਤਾ ਹੈ। ਇਸ ਤੋਂ ਇਲਾਵਾ ਜਦੋਂ ਚੋਰ ਨੂੰ ਪੁਲਿਸ ਫੜ੍ਹ ਕੇ ਲਿਜਾ ਰਹੀ ਸੀ ਉਸ ਵੇਲੇ ਵੀ ਪੁਲਿਸ ਨੇ ਕਿਹਾ ਕਿ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ। ਉਹਨਾਂ ਏਥੋਂ ਤੱਕ ਕਹਿ ਦਿੱਤਾ ਕਿ ਨਾ ਕਿਸੇ ਤਰ੍ਹਾਂ ਦੇ ਮੋਬਾਈਲ ਚੋਰੀ ਦੀ ਸ਼ਿਕਾਇਤ ਮਿਲੀ ਹੈ ਤੇ ਨਾ ਹੀ ਚੋਰੀ ਹੋਈ ਹੈ। ਹਾਲਾਂਕਿ ਮੌਕੇ ਉੱਤੇ ਮੌਜੂਦ ਲੋਕਾਂ ਨੇ ਇਸਦੀ ਪੁਸ਼ਟੀ ਕੀਤੀ ਹੈ ਤੇ ਚੋਰ ਫੜ੍ਹੇ ਜਾਣ ਦੀ ਵੀ ਗੱਲ ਕਹੀ ਹੈ।
ਕਈ ਥਾਵਾਂ ਤੋਂ ਲੰਘ ਰਹੀ ਯਾਤਰਾ:ਹਾਲਾਂਕਿ ਕਾਂਗਰਸ ਦੀ ਇਸ ਯਾਤਰਾ ਦੇ ਹਾਲੇ ਹੋਰ ਵੀ ਕਈ ਪੜਾਅ ਹਨ ਤੇ ਪੰਜਾਬ ਵਿੱਚ ਕਈ ਥਾਵਾਂ ਤੋਂ ਲੰਘਣਾ ਵੀ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਬੇਸ਼ੱਕ ਆਮ ਵਾਪਰਦੀਆਂ ਹਨ ਪਰ ਕਿਤੇ ਨਾ ਕਿਤੇ ਇਹ ਸੁਰੱਖਿਆ ਪ੍ਰਬੰਧਾਂ ਤੇ ਗੈਰਸਮਾਜੀ ਲੋਕਾਂ ਵਲੋਂ ਇਨ੍ਹਾਂ ਥਾਵਾਂ ਉੱਤੇ ਚੁੱਕੇ ਜਾਣ ਵਾਲੇ ਫਾਇਦਿਆਂ ਵੱਲ ਵੀ ਇਸ਼ਾਰਾ ਕਰ ਰਹੀਆਂ ਹਨ।