ਲੁਧਿਆਣਾ: ਸਮਰਾਲਾ ਦੀ ਆਈਟੀਆਈ ਉਟਾਲਾਂ 'ਚ ਚੋਰਾਂ ਨੇ ਉਸ ਸਮੇਂ ਧਾਵਾ ਬੋਲ ਦਿੱਤਾ ਜਦੋਂ ਵਿਦਿਆਰਥੀ ਪ੍ਰੀਖਿਆ ਦੇ ਰਹੇ ਸਨ। ਕਲਾਸ ਰੂਮ 'ਚੋਂ 11 ਮੋਬਾਈਲ ਚੋਰੀ ਕੀਤੇ ਗਏ। ਚੋਰੀ ਦੀ ਇਸ ਘਟਨਾ ਤੋਂ ਬਾਅਦ ਆਈ.ਟੀ.ਆਈ. ਵਿੱਚ ਹੰਗਾਮਾ ਹੋ ਗਿਆ। ਪ੍ਰਬੰਧਕਾਂ ਨੇ ਵਿਦਿਆਰਥੀਆਂ ਅਤੇ ਪਰਿਵਾਰਕ ਮੈਂਬਰਾਂ ਨੂੰ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ। ਮਾਮਲਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਤੱਕ ਪਹੁੰਚ ਗਿਆ। ਉਹਨਾਂ ਦੇ ਦਖਲ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ। ਪੀੜਤ ਵਿਦਿਆਰਥੀਆਂ ਦੇ ਬਿਆਨ ਦਰਜ ਕੀਤੇ ਗਏ। ਇਸ ਦੇ ਨਾਲ ਹੀ ਵਿਦਿਆਰਥੀ ਅਤੇ ਮਾਪੇ ਇਸ ਮਾਮਲੇ ਨੂੰ ਲੈ ਕੇ ਥਾਣੇ ਵੀ ਪੁੱਜੇ। ਪੁਲਿਸ ਤੋਂ ਚੋਰਾਂ ਦੇ ਨਾਲ-ਨਾਲ ਆਈ.ਟੀ.ਆਈ ਮੈਨੇਜਮੈਂਟ ਖਿਲਾਫ ਵੀ ਕਾਰਵਾਈ ਦੀ ਮੰਗ ਕੀਤੀ ਗਈ। ਵਿਦਿਆਰਥੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਆਈ.ਟੀ.ਆਈ ਵਿੱਚ ਪ੍ਰੀਖਿਆ ਚੱਲ ਰਹੀ ਹੈ। ਸਾਰੇ ਵਿਦਿਆਰਥੀ ਪ੍ਰੀਖਿਆ ਦੇਣ ਆਏ ਹੋਏ ਸਨ। ਅਧਿਆਪਕਾਂ ਨੇ ਉਨ੍ਹਾਂ ਨੂੰ ਮੋਬਾਈਲ ਬੈਗ ਵਿੱਚ ਰੱਖਣ ਲਈ ਕਿਹਾ। ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਮੋਬਾਈਲ ਬੈਗ ਵਿੱਚ ਪਾ ਕੇ ਕਲਾਸ ਰੂਮ ਦੇ ਅੰਦਰ ਰੱਖ ਦਿੱਤੇ। ਕਲਾਸ ਰੂਮ ਦਾ ਸ਼ਟਰ ਥੱਲੇ ਕਰ ਦਿੱਤਾ ਗਿਆ ਸੀ। ਪ੍ਰੀਖਿਆ ਦੇਣ ਤੋਂ ਬਾਅਦ ਜਿਵੇਂ ਹੀ ਉਹ ਕਲਾਸ ਰੂਮ 'ਚ ਆਏ ਤਾਂ ਉਨ੍ਹਾਂ ਦੇ ਬੈਗ 'ਚੋਂ 11 ਮੋਬਾਇਲ ਚੋਰੀ ਹੋ ਚੁੱਕੇ ਸਨ। ਮੋਬਾਇਲਾਂ ਦੀ ਕੀਮਤ ਡੇਢ ਤੋਂ ਦੋ ਲੱਖ ਰੁਪਏ ਹੈ। ਜਦੋਂ ਉਹ ਵਾਈਸ ਪ੍ਰਿੰਸੀਪਲ ਕੋਲ ਗਏ ਤਾਂ ਮਦਦ ਕਰਨ ਦੀ ਬਜਾਏ ਉਹਨਾਂ ਨੂੰ ਇਹ ਕਹਿ ਕੇ ਮੋੜ ਦਿੱਤਾ ਗਿਆ ਕਿ ਮੋਬਾਇਲ ਲਿਆਉਣ ਲਈ ਕਿਸਨੇ ਕਿਹਾ ਸੀ। ਦੱਸ ਦਈਏ ਕਿ 250 ਦੇ ਕਰੀਬ ਬੱਚੇ ਪ੍ਰੀਖਿਆ ਦੇਣ ਪਹੁੰਚੇ ਸਨ।
ਕੈਮਰੇ ਤੋਂ ਬਿਨਾਂ ਕਲਾਸ ਰੂਮ 'ਚ ਰੱਖੇ ਗਏ ਮੋਬਾਇਲ: ਪ੍ਰੀਖਿਆ ਲਈ ਆਏ ਵਿਦਿਆਰਥੀਆਂ ਦੇ ਮੋਬਾਇਲ ਵੀ ਉਸ ਕਲਾਸ ਰੂਮ 'ਚ ਰੱਖੇ ਗਏ ਸਨ, ਜਿੱਥੇ ਕੈਮਰਾ ਨਹੀਂ ਲੱਗਿਆ ਹੋਇਆ। ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਲੱਖਾਂ ਰੁਪਏ ਦੇ ਮੋਬਾਈਲ ਬਿਨਾਂ ਕੈਮਰੇ ਦੇ ਕਮਰੇ ਵਿੱਚ ਕਿਉਂ ਰੱਖੇ ਗਏ। ਇਸਦੇ ਨਾਲ ਹੀ ਇਸ ਚੋਰੀ ਨੂੰ ਜਿਸ ਤਰੀਕੇ ਨਾਲ ਅੰਜਾਮ ਦਿੱਤਾ ਗਿਆ ਹੈ, ਉਸ ਨੂੰ ਲੈ ਕੇ ਵੀ ਸ਼ੱਕ ਹੈ ਕਿ ਇਹ ਕਿਸੇ ਭੇਤੀ ਦਾ ਕੰਮ ਹੈ। ਆਈਟੀਆਈ ਦੇ ਇੱਕ-ਦੋ ਮੁਲਾਜ਼ਮਾਂ ਅਤੇ ਵਿਦਿਆਰਥੀਆਂ ’ਤੇ ਵੀ ਸ਼ੱਕ ਦੀ ਸੂਈ ਟਿਕੀ ਹੈ। ਉਹਨਾਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ।