ਲੁਧਿਆਣਾ: ਸ਼ਹਿਰ ਵਿੱਚ ਅੱਜ-ਕੱਲ੍ਹ ਇੱਕ ਚਲਦਾ-ਫਿਰਦਾ ਡੌਗ ਸਲੂਨ ਚਰਚਾ 'ਚ ਹੈ। ਜਾਨਵਰਾਂ ਦੀ ਗਰੁਮਿੰਗ ਕਰਨ ਲਈ ਲੁਧਿਆਣਾ ਦੇ ਇੱਕ ਵਿਦਿਆਰਥੀ ਨੇ ਤੇ ਉਸ ਦੇ ਪਿਤਾ ਨੇ ਚਲਦਾ ਫਿਰਦਾ ਗਰੁਮਿੰਗ ਸੈਂਟਰ ਖੋਲ੍ਹਿਆ ਹੈ। ਇਸ ਗਰੁਮਿੰਗ ਸੈਂਟਰ ਦਾ ਨਾਂਅ 'ਪਪ ਪਿੰਗ' ਹੈ। ਇਸ ਗਰੁਮਿੰਗ ਸੈਂਟਰ ਵਿੱਚ ਲੋਕ ਬਿਨ੍ਹਾਂ ਘਰੋਂ ਬਾਹਰ ਨਿਕਲੇ ਆਪਣੇ ਜਾਨਵਰਾਂ ਦੀ ਗਰੁਮਿੰਗ ਕਰਵਾ ਸਕਦੇ ਹਨ।
ਸਲੂਨ ਦੇ ਮੁੱਖ ਪ੍ਰਬੰਧਕ ਹਰਸ਼ ਕੰਵਰ ਨੇ ਕਿਹਾ ਕਿ ਉਨ੍ਹਾਂ ਨੇ 'ਪਪ ਪਿੰਗ' ਦਾ ਕੰਸੈਪਟ ਕੋਵਿਡ-19 ਦੇ ਦੌਰ ਨੂੰ ਧਿਆਨ ਵਿੱਚ ਰੱਖ ਕੇ ਸ਼ੁਰੂ ਕੀਤਾ ਹੈ ਤਾਂ ਜੋ ਲੋਕਾਂ ਨੂੰ ਆਪਣੇ ਪਾਲਤੂ ਜਾਨਵਰਾਂ ਦੀ ਗਰੁਮਿੰਗ ਕਰਵਾਉਣ ਲਈ ਘਰੋਂ ਬਾਹਰ ਨਾ ਨਿਕਲਣਾ ਪਵੇ ਅਤੇ ਲੋਕ ਘਰ ਬੈਠ ਕੇ ਆਪਣੇ ਜਾਨਵਰ ਦੀ ਗਰੁਮਿੰਗ ਕਰਵਾ ਸਕਣ। ਇਸ ਲਈ ਉਨ੍ਹਾਂ ਨੇ 'ਪਪ ਪਿੰਗ' ਮੋਬਾਈਲ ਵੈਨ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ 'ਪਪ ਪਿੰਗ' ਦੀ ਸ਼ੁਰੂਆਤ ਕੀਤੇ ਇੱਕ ਮਹੀਨੇ ਤੋਂ ਵਧ ਦਾ ਸਮਾਂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦਾ ਇਸ ਤਰ੍ਹਾਂ ਦਾ ਪਹਿਲਾ ਕੰਸੈਪਟ ਹੈ।