ਲੁਧਿਆਣਾ:ਜਗਰਾਓਂ ਦੀ ਵਿਧਾਇਕ ਸਰਵਜੀਤ ਕੌਰ ਮਾਣੂਕੇ ਦੇ ਮੁੱਖ ਦਫਤਰ ਨਾਲ ਸਬੰਧਿਤ ਕੋਠੀ ਦਾ ਮਸਲਾ ਅਖਿਰਕਰ ਕਿਸਾਨ ਜਥੇਬੰਦੀਆਂ ਅਤੇ ਪੁਲਿਸ ਦੇ ਸਹਿਯੋਗ ਨਾਲ ਹੱਲ ਹੁੰਦਾ ਵਿਖਾਈ ਦੇ ਰਿਹਾ ਹੈ। ਐਨਆਰਆਈ ਅਮਰਜੀਤ ਕੌਰ ਅਤੇ ਉਸ ਦੀ ਨੂੰਹ ਕੁਲਦੀਪ ਕੌਰ ਨੂੰ ਕੋਠੀ ਦੀਆਂ ਚਾਬੀਆਂ ਪੁਲਿਸ ਅਤੇ ਕਿਸਾਨ ਜਥੇਬੰਦੀਆਂ ਦੀ ਮੌਜੂਦਗੀ ਦੇ ਵਿੱਚ ਸੌਂਪ ਦਿੱਤੀਆਂ ਗਈਆਂ ਹਨ, ਜਿਸ ਨੂੰ ਲੈਕੇ ਕੁਲਦੀਪ ਕੌਰ ਨੇ ਮੀਡੀਆ, ਸੁਖਪਾਲ ਖਹਿਰਾ ਅਤੇ ਕਿਸਾਨ ਜਥੇਬੰਦੀਆਂ ਦਾ ਧੰਨਵਾਦ ਕੀਤਾ ਹੈ, ਪਰ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਵਿਧਾਇਕ ਸਣੇ ਜਿਨ੍ਹਾਂ ਵੱਲੋਂ ਉਨ੍ਹਾਂ ਦੀ ਕੋਠੀ ਉਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਉਨ੍ਹਾਂ ਉਤੇ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ, ਇਸ ਕਰਕੇ ਉਨ੍ਹਾਂ ਉਤੇ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਉਨ੍ਹਾਂ ਸੀਐਮ ਭਗਵੰਤ ਮਾਨ ਤੋਂ ਇਨਸਾਫ਼ ਮਿਲਣ ਦੀ ਉਮੀਦ ਦੀ ਗੱਲ ਆਖੀ ਹੈ।
ਅਸ਼ੋਕ ਕੁਮਾਰ ਖ਼ਿਲਾਫ਼ ਜਾਅਲੀ ਦਸਤਾਵੇਜ਼ ਬਣਾਉਣ ਉਤੇ ਮਾਮਲਾ ਦਰਜ :ਇਸ ਤੋਂ ਪਹਿਲਾਂ ਕੋਠੀ ਉਤੇ ਕਬਜ਼ੇ ਨੂੰ ਲੈਕੇ ਅਸ਼ੋਕ ਕੁਮਾਰ ਉਤੇ ਗਲਤ ਦਸਤਾਵੇਜ਼ ਬਣਾਉਣ ਨੂੰ ਲੈਕੇ ਪੁਲਿਸ ਵਲੋਂ ਉਸ ਤੇ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਐਨਆਰਆਈ ਅਮਰਜੀਤ ਕੌਰ ਦੇ ਹੱਕ ਵਿਚ ਖੜ੍ਹੇ ਹੋ ਕੇ ਸ਼ਹਿਰ ਵਿੱਚ ਮਾਰਚ ਕੱਢਣ ਦਾ ਫੈਸਲਾ ਵੀ ਲਿਆ ਸੀ, ਜਿਸ ਸਬੰਧੀ ਉਨ੍ਹਾਂ ਨੇ ਐਸਐਸਪੀ ਜਗਰਾਓਂ ਨਾਲ ਮੁਲਾਕਾਤ ਵੀ ਕੀਤੀ ਸੀ। ਇਸ ਮਗਰੋਂ ਕਿਸਾਨ ਜਥੇਬੰਦੀਆਂ ਦੀ ਹਿਮਾਇਤ ਅਤੇ ਪੁਲਿਸ ਵੱਲੋਂ ਪਰਿਵਾਰ ਨਾਲ ਸਮਝੌਤੇ ਤੋਂ ਬਾਅਦ ਐਨਆਰਆਈ ਪਰਿਵਾਰ ਨੂੰ ਚਾਬੀਆਂ ਸੌਂਪ ਦਿੱਤੀਆਂ ਹਨ, ਜਿਸ ਨੂੰ ਲੈਕੇ ਕੁਲਦੀਪ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਫਿਲਹਾਲ ਉਨ੍ਹਾਂ ਨੂੰ ਚਾਬੀਆਂ ਮਿਲ ਗਈਆਂ ਹਨ, ਜਿਸ ਵਿੱਚ ਸੁਖਪਾਲ ਖਹਿਰਾ, ਸੋਸ਼ਲ ਮੀਡੀਆ ਅਤੇ ਕਿਸਾਨਾਂ ਦਾ ਅਹਿਮ ਰੋਲ ਰਿਹਾ ਹੈ।