ਲੁਧਿਆਣਾ:ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਸਿਧਵਾਂ ਕਨਾਲ ਨਹਿਰ ਪਹੁੰਚ ਕੇ ਲੁਧਿਆਣਾ ਦੇ ਲੋਕਾਂ ਨੂੰ ਵੱਡਾ ਸੰਦੇਸ਼ ਦਿੱਤਾ ਹੈ। ਉਹ ਇਸ ਨਹਿਰ ਦੇ ਵਿਚਕਾਰ ਆਪਣੀ ਗੱਡੀ ਲੈ ਕੇ ਪਹੁੰਚੇ ਹੋਏ ਸਨ ਤੇ ਉਨ੍ਹਾਂ ਨਹਿਰ ਦੀ ਹੋਈ ਸਫਾਈ ਦੀ ਸਿਫਤਾਂ ਵੀ ਕੀਤੀਆਂ। ਵਿਧਾਇਕ ਵਲੋਂ ਲੋਕਾਂ ਨੂੰ ਅਪੀਲ ਦੇ ਨਾਲ ਨਾਲ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਲੋਕ ਨਹਿਰ ਵਿੱਚ ਕੂੜਾ ਸੁੱਟਣੋਂ ਨਾ ਹਟੇ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।
ਆਪਣੀ ਨਿੱਜੀ ਕਾਰ ਵਿੱਚ ਆਏ ਵਿਧਾਇਕ ਗੋਗੀ :ਅਸਲ ਵਿੱਚ ਵਿਧਾਇਕ ਗੁਰਪ੍ਰੀਤ ਗੋਗੀ ਦੀ ਸਿਧਵਾਂ ਕਨਾਲ ਨਹਿਰ ਵਿੱਚ ਬਣਾਈ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਉਹ ਲੋਕਾਂ ਨੂੰ ਨਹਿਰ ਬਾਰੇ ਸੰਦੇਸ਼ ਦੇ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਹੜੇ ਲੋਕ ਨਹਿਰਾਂ ਦੀ ਖੂਬਸੂਰਤੀ ਵਿਗਾੜ ਰਹੇ ਹਨ ਉਹ ਇਸ ਕੰਮੋਂ ਹਟ ਜਾਣ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆ ਦਾ ਫਰਜ਼ ਹੈ ਕਿ ਆਪਾਂ ਆਪਣੇ ਚੁਗਿਰਦੇ ਨੂੰ ਸਾਫ਼-ਸੁਥਰਾ ਰੱਖੀਏ। ਉਨਾਂ ਕਿਹਾ ਕਿ ਸਿਧਵਾਂ ਕਨਾਲ ਨਹਿਰ ਕਿੰਨੀ ਸੋਹਣੀ ਬਣ ਗਈ ਹੈ ਅਤੇ ਕਾਰਪਰੇਸ਼ਨ ਦੀ ਮਦਦ ਨਾਲ ਇਸਦੀ ਸਫਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਕ ਮਹੀਨਾ ਇਸਦੀ ਸਫ਼ਾਈ ਕਰਨ ਵਿੱਚ ਹੀ ਲੱਗਿਆ ਹੈ। ਹੁਣ ਸ਼ਹਿਰ ਵਾਲਿਆਂ ਦਾ ਫਰਜ਼ ਹੈ ਕਿ ਇਸਨੂੰ ਸਾਫ਼ ਰੱਖਣ।