ਲੁਧਿਆਣਾ: ਮੇਲਿਆਂ ਅਤੇ ਭੀੜ ਵਾਲੇ ਇਲਾਕਿਆਂ ਦੇ ਵਿੱਚ ਬੱਚਿਆਂ ਦਾ ਗੁਆਚ ਜਾਣਾ ਆਮ ਗੱਲ ਹੈ, ਪਰ ਸ਼ਰਾਬ ਦੇ ਵਿੱਚ ਟੁੰਨ ਬਾਪ ਵੱਲੋਂ ਬੱਚਿਆਂ ਨੂੰ ਰੇਲ ਵਿੱਚ ਭੁੱਲ ਜਾਣਾ ਬਹੁਤ ਹੀ ਗੰਭੀਰ ਮਾਮਲਾ ਹੈ।
ਪਿਛਲੀ 15 ਅਗਸਤ ਨੂੰ ਗੁੰਮ ਹੋਏ ਸਨ ਬੱਚੇ
ਹੰਬੜਾਂ ਰੋਡ ਉੱਤੇ ਰਹਿਣ ਵਾਲੇ ਇੱਕ ਸ਼ਰਾਬੀ ਬਾਪ ਨੇ ਪਿਛਲੇ ਸਾਲ ਦੀ 15 ਅਗਸਤ ਵਾਲੇ ਦਿਨ ਪੰਜਾਬ ਤੋਂ ਝਾਰਖੰਡ ਦੇ ਰਾਚੀ ਵਿਖੇ ਪਿੰਡ ਨੂੰ ਜਾ ਰਹੀ ਟ੍ਰੇਨ ਵਿੱਚ ਹੀ ਬੱਚਿਆਂ ਨੂੰ ਛੱਡ ਦਿੱਤਾ। ਉਹ ਸ਼ਰਾਬ ਦੇ ਨਸ਼ੇ ਵਿੱਚ ਉਸ ਸਮੇਂ ਏਨਾ ਟੁੰਨ ਸੀ ਕਿ ਉਸ ਨੂੰ ਪਤਾ ਹੀ ਨਹੀਂ ਲੱਗਿਆ ਕਿ ਉਹ ਗ਼ਲਤ ਟ੍ਰੇਨ ਵਿੱਚ ਚੜ੍ਹ ਗਿਆ ਹੈ ਅਤੇ ਬੱਚੇ ਹੋਰ ਟ੍ਰੇਨ ਵਿੱਚ ਹਨ।
ਪਿਛਲੀ 15 ਅਗਸਤ ਨੂੰ ਰੇਲਵੇ ਸਟੇਸ਼ਨ 'ਤੇ ਗੁਆਚੇ ਬੱਚੇ ਮਿਲੇ 1 ਸਾਲ ਬਾਅਦ , ਪੜ੍ਹੋ ਪੂਰੀ ਖ਼ਬਰ ਤਾਈ ਨੇ ਪਾਲਿਐ ਦੋਹਾਂ ਬੱਚਿਆਂ ਨੂੰ
ਸ਼ਾਰਧਾ ਦੇਵੀ ਨੇ ਦੱਸਿਆ ਕਿ ਦਿੱਲੀ ਦੇ ਰੇਲਵੇ ਸਟੇਸ਼ਨ ਉੱਤੇ ਗੁੰਮ ਹੋਏ ਦੋਵੇਂ ਬੱਚਿਆਂ ਪੂਨਮ ਅਤੇ ਸੂਰਜ ਨੂੰ ਉਸ ਨੇ ਪਾਲਿਆ ਹੈ। ਉਸ ਦਾ ਕਹਿਣਾ ਹੈ ਕਿ ਉਹ ਹੁਣ ਵੀ ਉਨ੍ਹਾਂ ਬੱਚਿਆਂ ਨੂੰ ਆਪਣੇ ਨਾਲ ਹੀ ਦੇਖਣਾ ਚਾਹੁੰਦੀ ਹੈ। ਉਸ ਨੇ ਦੱਸਿਆ ਕਿ ਬੱਚਿਆਂ ਦਾ ਪਿਤਾ ਤਾਂ ਸ਼ਰਾਬੀ ਹੈ ਅਤੇ ਇਨ੍ਹਾਂ ਦੀ ਮਾਂ ਉਨ੍ਹਾਂ ਨੂੰ ਛੱਡ ਕੇ ਚਲੀ ਗਈ ਸੀ।
ਸ਼ਨਾਖ਼ਤ ਲਈ ਪਿਤਾ ਦੀ ਲੋੜ
ਸ਼ਾਰਧਾ ਦੇਵੀ ਮੁਤਾਬਕ ਉਹ ਕਈ ਵਾਰ ਆਪਣੇ ਸ਼ਰਾਬੀ ਦਿਓਰ ਨੂੰ ਪੁੱਛ ਵੀ ਚੁੱਕੀ ਸੀ ਕਿ ਬੱਚੇ ਕਿਥੇ ਹਨ ਪਰ ਉਹ ਡਰ ਦਾ ਮਾਰਾ ਉਸ ਦੇ ਸਾਹਮਣੇ ਹੀ ਨਹੀਂ ਆਉਂਦਾ ਸੀ। ਸ਼ਾਰਧਾ ਦੇਵੀ ਨੇ ਦੱਸਿਆ ਕਿ ਹੁਣ ਜਦੋਂ ਬੱਚੇ ਮਿਲ ਗਏ ਹਨ ਅਤੇ ਵਿਭਾਗ ਵਾਲੇ ਪਿਤਾ ਵੱਲੋਂ ਬੱਚਿਆਂ ਦੀ ਪਹਿਚਾਣ ਕੀਤੇ ਜਾਣ ਤੋਂ ਬਾਅਦ ਹੀ ਉਨ੍ਹਾਂ ਨੂੰ ਹਵਾਲੇ ਕਰਨ ਲਈ ਕਹਿ ਰਹੇ ਹਨ। ਉਸ ਦਾ ਕਹਿਣਾ ਹੈ ਕਿ ਹੁਣ ਅਸੀਂ ਬੱਚਿਆਂ ਦੇ ਪਿਤਾ ਨੂੰ ਕਿਥੇ ਲੱਭੀਏ ਅਤੇ ਬੱਚਿਆਂ ਨੂੰ ਕਿਵੇਂ ਏਥੇ ਲੈ ਕੇ ਆਈਏ। ਕਿਉਂਕਿ ਅਸੀਂ ਦਿਹਾੜੀਦਾਰ ਬੰਦੇ ਹਾਂ, ਅਸੀਂ ਕੰਮ ਵੀ ਕਰਨਾ ਹੁੰਦਾ ਹੈ ਅਤੇ ਬੱਚਿਆਂ ਦਾ ਖ਼ਿਆਲ ਵੀ ਰੱਖਣਾ ਹੁੰਦਾ ਹੈ।
ਪੁਲਿਸ ਦੀ ਵੀਡੀਓ ਵੀ ਹੋਈ ਸੀ ਵਾਇਰਲ
ਫ਼ਰੀਦਾਬਾਦ ਪੁਲਿਸ ਦੇ ਇੱਕ ਏ.ਐੱਸ.ਆਈ ਅਮਰ ਸਿੰਘ ਦੀ ਇਨ੍ਹਾਂ ਬੱਚਿਆਂ ਦੀ ਸ਼ਨਾਖ਼ਤ ਕਰਨ ਅਤੇ ਇਨ੍ਹਾਂ ਨੂੰ ਉਨ੍ਹਾਂ ਦੇ ਟਿਕਾਣਿਆਂ ਉੱਤੇ ਪਹੁੰਚਾਉਣ ਦੇ ਲਈ ਸੋਸ਼ਲ ਮੀਡਿਆ ਉੱਤੇ ਇੱਕ ਵੀਡੀਓ ਵੀ ਵਾਇਰਲ ਹੋਈ ਸੀ। ਜਿਸ ਤੋਂ ਬਾਅਦ ਉਹ ਵੀਡੀਓ ਕਈ ਗਰੁੱਪਾਂ ਵਿੱਚ ਫ਼ੈਲੀ ਅਤੇ ਉਸ ਦਾ ਨਤੀਜਾ ਅੱਜ ਉਨ੍ਹਾਂ ਬੱਚਿਆਂ ਦੀ ਸ਼ਨਾਖ਼ਤ ਹੋ ਗਈ ਹੈ।
ਬਾਲ ਵਿਭਾਗ ਦੇ ਅਧਿਕਾਰੀ ਨੇ ਤਾਲਾਸ਼ ਨੂੰ ਚਾੜ੍ਹਿਆ ਨੇਪਰੇ
ਲੁਧਿਆਣਾ ਦੇ ਬਾਲ ਵਿਕਾਸ ਵਿਭਾਗ ਦੇ ਇੱਕ ਅਧਿਕਾਰੀ ਸੰਜੇ ਮਹੇਸ਼ਵਰੀ, ਜੋ ਕਿ ਪਹਿਲਾਂ ਵੀ ਕਈ ਗੁਆਚੇ ਹੋਏ ਬੱਚਿਆਂ ਨੂੰ ਲੱਭ ਚੁੱਕੇ ਹਨ। ਇਸੇ ਤਰ੍ਹਾਂ ਸੰਜੇ ਨੇ ਏ.ਐੱਸ.ਆਈ. ਦੀ ਵਾਇਰਲ ਵੀਡੀਓ ਰਾਹੀਂ ਇਨ੍ਹਾਂ ਬੱਚਿਆਂ ਨੂੰ ਲੱਭਿਆ ਅਤੇ ਉਨ੍ਹਾਂ ਦੇ ਪਿਤਾ ਵੱਲੋਂ ਉਨ੍ਹਾਂ ਦੀ ਸ਼ਨਾਖ਼ਤ ਵੀ ਕਰਵਾ ਦਿੱਤੀ ਹੈ।
ਦਿੱਲੀ ਵਿਖੇ ਬਾਲ ਵਿਭਾਗ ਦੇ ਹੋਸਟਲ 'ਚ ਹਨ ਬੱਚੇ
ਕੋਰੋਨਾ ਵਾਇਰਸ ਕਰ ਕੇ ਉਨ੍ਹਾਂ ਬੱਚਿਆਂ ਨੂੰ ਦਿੱਲੀ ਦੇ ਇੱਕ ਬਾਲ ਵਿਭਾਗ ਦੇ ਬੱਚਿਆਂ ਵਾਲੇ ਹੋਸਟਲ ਦੇ ਵਿੱਚ ਰੱਖਿਆ ਗਿਆ ਹੈ। ਉੱਥੇ ਹੀ ਅਧਿਕਾਰੀਆਂ ਵੱਲੋਂ ਬੱਚਿਆਂ ਦੀ ਦੇਖਭਾਲ ਕੀਤੀ ਜਾ ਰਹੀ ਹੈ। ਸੰਜੇ ਮਹੇਸ਼ਵਰੀ ਨੇ ਦੱਸਿਆ ਕਿ ਜਿਵੇਂ ਹੀ ਕੋਰੋਨਾ ਥੋੜਾ ਜਿਹਾ ਠੀਕ ਹੁੰਦਾ ਹੈ ਤਾਂ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਤੱਕ ਪਹੁੰਚਾ ਦਿੱਤਾ ਜਾਵੇਗਾ।