ਬਦਮਾਸ਼ਾਂ ਨੇ ਨੌਜਵਾਨ ਤੋਂ ਕੀਤੀ ਖੋਹ ਲੁਧਿਆਣਾ:ਇਥੋਂ ਦੇ ਮਾਡਲ ਟਾਊਨ ਪੋਰਸ਼ ਇਲਾਕੇ ਵਿੱਚ ਰੋਹਿਤ ਜਿੰਦਲ ਨਾਮ ਦੇ ਇੱਕ ਨੌਜਵਾਨ ਨੂੰ ਹਥਿਆਰਬੰਦ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਲੁੱਟ ਦਾ ਸ਼ਿਕਾਰ ਬਣਾਇਆ ਹੈ। ਉਸ ਦੇ ਘਰ ਦੇ ਬਾਹਰ ਖੜ੍ਹੇ ਦੋ ਨੌਜਵਾਨਾਂ ਵਲੋਂ ਰਾਤ ਸਾਢੇ ਅੱਠ ਵਜੇ ਦੇ ਕਰੀਬ ਉਸ ਦੇ ਗੱਡੀ ਤੋਂ ਉਤਰਦਿਆਂ ਹੀ ਹਮਲਾ ਕਰ ਦਿੱਤਾ ਅਤੇ ਉਸ ਕੋਲ ਮੌਜੂਦ ਲੈਪਟਾਪ ਅਤੇ ਪੈਸਿਆਂ ਨਾਲ ਭਰਿਆ ਬੈਗ ਲੈਕੇ ਫਰਾਰ ਹੋ ਗਏ। ਲੋਹੇ ਦੀ ਰਾਡ ਨਾਲ ਉਸ 'ਤੇ ਹਮਲਾ ਕੀਤਾ ਗਿਆ।
ਸੀਸਟਿਵਿੀ ਵੀਡੀਓ 'ਚ ਦਿਸੇ ਮੁਲਜ਼ਮ: ਇਸ ਘਟਨਾ 'ਚ ਰੋਹਿਤ ਨੂੰ ਗੰਭੀਰ ਸੱਟਾ ਵੀ ਲੱਗੀਆਂ ਹਨ। ਡਾਕਟਰ ਵਲੋਂ ਉਸ ਦੇ ਸਿਰ 'ਤੇ ਤਿੰਨ ਟਾਂਗੇ ਲਗਾਏ ਗਏ ਹਨ। ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਹੈ ਅਤੇ ਪੁਲਿਸ ਨੇ ਕਾਰਵਾਈ ਕਰਨ ਦੀ ਗੱਲ ਆਖੀ ਹੈ। ਜਿਸ'ਚ ਨੇੜੇ ਤੇੜੇ ਦੇ ਘਰਾਂ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਦੇ ਅਧਾਰ 'ਤੇ ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।
ਘਾਤ ਲਗਾ ਕੇ ਕੀਤਾ ਹਮਲਾ: ਰੋਹਿਤ ਜਿੰਦਲ ਨੇ ਦੱਸਿਆ ਕਿ ਦੋ ਨੌਜਵਾਨ ਸਨ ਜਿਹਨਾਂ ਵਿਚੋਂ ਇੱਕ ਨੇ ਕੇਸ ਰੱਖੇ ਹੋਏ ਸਨ ਅਤੇ ਦੂਜਾ ਮੋਨਾ ਸੀ। ਦੋਵੇਂ ਹੀ ਮੇਰੇ ਆਉਣ ਤੋਂ ਪਹਿਲਾਂ ਹੀ ਉੱਥੇ ਘਾਤ ਲਗਾ ਕੇ ਖੜ੍ਹੇ ਸਨ। ਉਸ ਨੇ ਦੱਸਿਆ ਕਿ ਜਿਵੇਂ ਹੀ ਉਹ ਘਰ ਦੇ ਨੇੜੇ ਆ ਕੇ ਗੱਡੀ ਖੜੀ ਕੀਤੀ ਤਾਂ ਉਸ 'ਤੇ ਤਾਬੜਤੋੜ ਇਨ੍ਹਾਂ ਦੋਵਾਂ ਮੁਲਜ਼ਮਾਂ ਨੇ ਹਮਲਾ ਕਰ ਦਿੱਤਾ, ਜਿਸ ਚ ਉਹ ਬੁਰੀ ਤਰਾਂ ਜਖਮੀ ਹੋ ਗਿਆ। ਪੀੜਤ ਨੇ ਦੱਸਿਆ ਕਿ ਉਸ ਕੋਲੋ ਲੈਪਟਾਪ ਅਤੇ ਪੈਸਿਆਂ ਦਾ ਬੈਗ ਜਿਸ ਚ 1 ਲੱਖ ਰੁਪਏ ਦੇ ਕਰੀਬ ਕੈਸ਼ ਸੀ ਖੋਹ ਕੇ ਲੁਟੇਰੇ ਫਰਾਰ ਹੋ ਗਏ। ਉਨ੍ਹਾਂ ਦੀ ਕਾਲੋਨੀ ਪੋਰਸ਼ ਇਲਾਕੇ 'ਚ ਹੈ ਅਤੇ ਗੇਟ ਲੱਗੇ ਹੋਏ ਹਨ। ਹਰ ਸਮੇਂ ਗੇਟ 'ਤੇ ਗਾਰਡ ਵੀ ਤੈਨਾਤ ਰਹਿੰਦਾ ਹੈ, ਇਸ ਤਰਾਂ ਦੀ ਵਾਰਦਾਤ ਹੋਣੀ ਉਨ੍ਹਾਂ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ।
ਪਹਿਲਾਂ ਵੀ ਹੋ ਚੁੱਕੇ ਨੇ ਲੁੱਟ ਦਾ ਸ਼ਿਕਾਰ: ਰੋਹਿਤ ਦੇ ਪਿਤਾ ਦੇ ਮੁਤਾਬਿਕ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ 3 ਵਾਰ ਉਹ ਲੁੱਟ ਦਾ ਸ਼ਿਕਾਰ ਲੁਧਿਆਣਾ ਦੇ ਵੱਖ ਵੱਖ ਇਲਾਕਿਆਂ ਵਿੱਚ ਹੋ ਚੁੱਕੇ ਹਨ। ਉਨ੍ਹਾਂ ਸ਼ੱਕ ਜਾਹਿਰ ਕੀਤਾ ਕਿ ਕੋਈ ਉਨ੍ਹਾਂ ਦੇ ਪਰਿਵਾਰ ਨੂੰ ਟਾਰਗੇਟ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇੱਕ ਮਾਮਲਾ ਸਲੇਮ ਟਾਬਰੀ 'ਚ ਤਾਂ ਇਕ ਮੁੱਲਾਂਪੁਰ 'ਚ ਵੀ ਦਰਜ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹ ਇਲੈਕਟ੍ਰਾਨਿਕ ਪਾਰਟਸ ਵੇਚਣ ਦਾ ਕੰਮ ਕਰਦੇ ਹਨ। ਅਕਸਰ ਹੀ ਜਦੋਂ ਸ਼ਾਮ ਨੂੰ ਘਰ ਆਉਂਦੇ ਹਨ ਤਾਂ ਉਨ੍ਹਾਂ ਕੋਲ ਕੁਝ ਕੈਸ਼ ਵੀ ਹੁੰਦਾ ਹੈ।
ਪੁਲਿਸ ਵਲੋਂ ਮਾਮਲਾ ਦਰਜ:ਉਧਰ ਇਸ ਮਾਮਲੇ ਨੂੰ ਲੈਕੇ ਮੌਕੇ 'ਤੇ ਜਾਂਚ ਲਈ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਉਨ੍ਹਾਂ ਵਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ ਤੇ ਜ਼ਲਦ ਹੀ ਮੁਲਜ਼ਮ ਕਾਬੂ ਕੀਤੇ ਜਾਣਗੇ।