ਖੰਨਾ :ਪੰਜਾਬ ਵਿੱਚ ਮਾਈਨਿੰਗ ਮਾਫੀਆ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਨੇ ਕਿ ਹੁਣ ਪੁਲਿਸ 'ਤੇ ਹਮਲਾ ਕਰਕੇ ਮੁਲਜ਼ਮਾਂ ਨੂੰ ਛੁਡਾਇਆ ਜਾਣ ਲੱਗਾ ਹੈ। ਇਹੋ ਜਿਹੀ ਘਟਨਾ ਜਿਲ੍ਹਾ ਖੰਨਾ ਦੇ ਮਾਛੀਵਾੜਾ ਸਾਹਿਬ ਵਿਖੇ ਵਾਪਰੀ, ਜਿੱਥੇ ਮਾਈਨਿੰਗ ਮਾਫੀਆ ਨੇ ਪੁਲਿਸ ਦੀ ਟੀਮ ਉਪਰ ਹਮਲਾ ਕਰਕੇ ਇੱਕ ਏਐੱਸਆਈ ਅਤੇ ਹੋਮਗਾਰਡ ਜਵਾਨ ਨੂੰ ਜਖ਼ਮੀ ਕਰ ਦਿੱਤਾ ਹੈ। ਉਥੇ ਹੀ ਰੇਤੇ ਨਾਲ ਭਰੀ ਟਰਾਲੀ ਨੂੰ ਮੁਲਜ਼ਮ ਛੁਡਾ ਕੇ ਲੈ ਗਏ ਹਨ। ਘਟਨਾ ਮਗਰੋਂ ਅੱਜ ਤੜਕੇ ਤੋਂ ਪੁਲਿਸ ਨੇ ਪਿੰਡ ਟੰਡੀ ਮੰਡ ਨੂੰ ਘੇਰਾ ਪਾਇਆ ਹੋਇਆ ਹੈ। ਇੱਥੋਂ ਹੁਣ ਤੱਕ 2 ਮੁਲਜ਼ਮ ਗ੍ਰਿਫਤਾਰ ਕੀਤੇ ਗਏ ਹਨ। ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਚਾਲਕ ਨੂੰ ਵੀ ਗ੍ਰਿਫਤਾਰ ਕਰ ਲਿਆ :ਜ਼ਿਲਾ ਖੰਨਾ ਦੀ ਐੱਸਐੱਸਪੀ ਅਮਨੀਤ ਕੌਂਡਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸਤਲੁਜ ਦਰਿਆ ਕਿਨਾਰੇ ਰੇਤੇ ਦੀ ਨਾਜਾਇਜ਼ ਮਾਈਨਿੰਗ ਚੱਲ ਰਹੀ ਹੈ ਜਿਸ ’ਤੇ ਸਹਾਇਕ ਥਾਣੇਦਾਰ ਜਸਵੰਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਸਤਲੁਜ ਦਰਿਆ ਤੋਂ ਰੇਤੇ ਦੀ ਭਰੀ ਟਰਾਲੀ ਪੁਲਿਸ ਪਾਰਟੀ ਨੇ ਕਾਬੂ ਕਰ ਲਈ ਅਤੇ ਚਾਲਕ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ। ਪੁਲਿਸ ਪਾਰਟੀ ਰੇਤੇ ਦੀ ਭਰੀ ਟਰਾਲੀ ਅਤੇ ਚਾਲਕ ਨੂੰ ਗ੍ਰਿਫ਼ਤਾਰ ਕਰਕੇ ਜਦੋਂ ਮਾਛੀਵਾੜਾ ਸਾਹਿਬ ਥਾਣਾ ਵੱਲ ਆ ਰਹੀ ਸੀ ਤਾਂ ਰਸਤੇ ਵਿਚ ਇੱਕ ਕਾਰ ਸਵਾਰ ਵਿਅਕਤੀਆਂ ਨੇ ਪੁਲਿਸ ਅਧਿਕਾਰੀਆਂ ਨੂੰ ਘੇਰ ਲਿਆ। ਇਹ ਕਾਰ ਸਵਾਰ ਵਿਅਕਤੀ ਪੁਲਿਸ ਨਾਲ ਹੱਥੋਪਾਈ ਕਰਨ ਲੱਗੇ, ਇੱਥੋਂ ਤੱਕ ਕਿ ਡੰਡਿਆਂ ਨਾਲ ਉਨ੍ਹਾਂ ’ਤੇ ਹਮਲਾ ਕਰ ਕੁੱਟਮਾਰ ਕੀਤੀ ਗਈ। ਇਹ ਹਮਲਾਵਾਰ ਪੁਲਿਸ ਕੋਲੋਂ ਰੇਤੇ ਦੀ ਭਰੀ ਟਰਾਲੀ ਅਤੇ ਗ੍ਰਿਫ਼ਤਾਰ ਕੀਤਾ ਕਥਿਤ ਦੋਸ਼ੀ ਵੀ ਪੁਲਸ ਕਬਜ਼ੇ ’ਚੋਂ ਛੁਡਵਾ ਕੇ ਲੈ ਗਏ।
ਮਾਛੀਵਾੜਾ ਸਾਹਿਬ 'ਚ ਮਾਈਨਿੰਗ ਮਾਫ਼ੀਆ ਦਾ ਪੁਲਿਸ 'ਤੇ ਹਮਲਾ, ਘੇਰਾ ਪਾ ਕੇ ਪੁਲਿਸ ਨੇ ਕੀਤੇ ਮੁਲਜ਼ਮ ਗ੍ਰਿਫਤਾਰ - ਖੰਨਾ ਦੀਆਂ ਖਬਰਾਂ
ਖੰਨਾ ਦੇ ਮਾਛੀਵਾੜਾ ਵਿਖੇ ਪੁਲਿਸ ਉੱਤੇ ਮਾਇਨਿੰਗ ਮਾਫ਼ੀਆ ਨੇ ਹਮਲਾ ਕੀਤਾ ਹੈ। ਜਾਣਕਾਰੀ ਮੁਤਾਬਿਕ ਮਾਫੀਆ ਦੇ ਮੈਂਬਰ ਮੌਕੇ ਤੋਂ ਫਰਾਰ ਹੋ ਗਏ ਹਨ। ਪੁਲਿਸ ਜਾਂਚ ਕਰ ਰਹੀ ਹੈ।
ਇਸ ਹਮਲੇ ਵਿਚ ਫੱਟੜ ਹੋਏ ਸਹਾਇਕ ਥਾਣੇਦਾਰ ਜਸਵੰਤ ਸਿੰਘ ਅਤੇ ਕਰਮਚਾਰੀ ਪਰਮਜੀਤ ਸਿੰਘ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਐੱਸਐੱਸਪੀ ਨੇ ਦੱਸਿਆ ਕਿ ਇਸ ਹਮਲੇ ’ਚ ਦੋਵੇਂ ਕਰਮਚਾਰੀਆਂ ਦੀਆਂ ਹੱਡੀਆਂ ਫੈਕਚਰ ਹੋ ਗਈਆਂ ਹਨ ਜਦੋਂਕਿ ਕੁਝ ਹੋਰ ਕਰਮਚਾਰੀ ਮਾਮੂਲੀ ਫੱਟੜ ਹੋਏ ਹਨ। ਪੁਲਿਸ ਅਨੁਸਾਰ ਜਿਨ੍ਹਾਂ ਵਿਅਕਤੀਆਂ ’ਤੇ ਮਾਮਲਾ ਦਰਜ ਕੀਤਾ ਗਿਆ ਉਨ੍ਹਾਂ ’ਚੋਂ 2 ਕਥਿਤ ਦੋਸ਼ੀਆਂ ਵੇਦ ਪਾਲ ਤੇ ਉਸਦੇ ਪਿਤਾ ਰਿਸ਼ੀਪਾਲ (ਦੋਵੇਂ ਪਿਓ-ਪੁੱਤਰ) ਵਾਸੀ ਟੰਡੀ ਮੰਡ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਦਕਿ ਬਾਕੀਆਂ ਦੀ ਭਾਲ ਜਾਰੀ ਹੈ। ਐੱਸਐੱਸਪੀ ਨੇ ਕਿਹਾ ਕਿ ਮਾਈਨਿੰਗ ਮਾਫੀਆ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਇਹਨਾਂ ਖਿਲਾਫ ਇਰਾਦਾ ਕਤਲ, ਲੁੱਟ-ਖੋਹ, ਸਰਕਾਰੀ ਡਿਉਟੀ 'ਚ ਵਿਘਨ ਪਾਉਣ, ਮਾਈਨਿੰਗ ਐਕਟ ਦੀਆਂ ਧਾਰਾਵਾਂ ਸਮੇਤ ਹੋਰ ਵੀ ਸੰਗੀਨ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ।