ਲੁਧਿਆਣਾ: ਦੇਸ਼ ਭਰ 'ਚ ਲੱਗੇ ਲੌਕਡਾਊਨ ਕਾਰਨ ਲੋਕ ਬੇਗਾਨੇ ਸੂਬਿਆਂ ਵਿੱਚ ਫਸੇ ਹਨ ਅਤੇ ਆਪਣੇ ਘਰ ਜਾਣ ਲਈ ਕਾਹਲੇ ਹਨ। ਔਖਾ ਸਮਾਂ ਇਨਸਾਨ ਨੂੰ ਕੀ ਕੁੱਝ ਕਰਨ ਲਈ ਮਜਬੂਰ ਕਰ ਦਿੰਦਾ ਹੈ, ਇਸ ਦੀ ਤਾਜ਼ਾ ਮਿਸਾਲ ਲੁਧਿਆਣਾ ਵਿਖੇ ਵੇਖਣ ਨੂੰ ਮਿਲੀ। ਲੁਧਿਆਣਾ ਨੈਸ਼ਨਲ ਹਾਈਵੇ 'ਤੇ ਇੱਕ ਵਿਅਕਤੀ ਰੇਹੜੀ ਨਾਲ ਇੰਜਨ ਲਗਾ ਕੇ 15 ਸਵਾਰੀਆਂ ਸਮੇਤ ਮੱਧ ਪ੍ਰਦੇਸ਼ ਗਵਾਲੀਅਰ ਲਈ ਰਵਾਨਾ ਹੋ ਗਿਆ।
ਘਰ ਵਾਪਸੀ ਲਈ ਪ੍ਰਵਾਸੀਆਂ ਨੇ ਲਗਾਇਆ ਜੁਗਾੜ, ਰੇਹੜੀ ਅੱਗੇ ਇੰਜਨ ਲਗਾ ਕੇ ਮੱਧ ਪ੍ਰਦੇਸ਼ ਹੋਏ ਰਵਾਨਾ
ਰੇਲਵੇ ਟਿਕਟ ਬੁੱਕ ਨਾ ਹੋਣ ਕਾਰਨ ਘਰ ਜਾਣ ਦੀ ਚਾਹਤ ਲਈ ਇੱਕ ਵਿਅਕਤੀ ਰੇਹੜੀ ਨਾਲ ਇੰਜਨ ਲਗਾ ਕੇ 15 ਸਵਾਰੀਆਂ ਸਮੇਤ ਮੱਧ ਪ੍ਰਦੇਸ਼ ਗਵਾਲੀਅਰ ਲਈ ਰਵਾਨਾ ਹੋ ਗਿਆ।
ਪਰ ਘਰ ਜਾਣ ਦੀ ਚਾਹਤ ਦੌਰਾਨ ਇਹ ਲੋਕ ਸਮਾਜਕ ਦੂਰੀ ਦੀਆਂ ਸ਼ਰੇਆਮ ਧੱਜੀਆਂ ਉਡਾਉਂਦੇ ਨਜ਼ਰ ਆਏ। ਮੋਟਰਸਾਈਕਲ ਰੇਹੜੀ ਸਵਾਰ ਮੁਕੇਸ਼ ਕੁਮਾਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਇੱਥੇ ਭੁੱਖ ਨਾਲ ਮਰਨ ਨਾਲੋਂ ਚੰਗਾ ਹੈ ਕਿ ਅਸੀਂ ਆਪਣੇ ਪਰਿਵਾਰ ਨਾਲ ਜਾ ਕੇ ਹੀ ਮਰ ਜਾਈਏ। ਉਨ੍ਹਾਂ ਦਾ ਕਹਿਣਾ ਹੈ ਉਹ ਪਿਛਲੇ 15 ਸਾਲ ਤੋਂ ਪੰਜਾਬ 'ਚ ਰਹਿ ਰਹੇ ਹਨ ਪਰ ਲੌਕਡਾਊਨ ਕਾਰਨ ਕੰਮ ਕਾਰ ਖ਼ਤਮ ਹੋਣ ਕਾਰਨ ਇਹ ਜੁਗਾੜ ਲਗਾ ਕੇ ਉਹ ਵਾਪਸ ਆਪਣੇ ਸੂਬੇ ਨੂੰ ਜਾ ਰਹੇ ਹਨ ਕਿਉਂਕਿ ਰੇਲ ਗੱਡੀ 'ਚ ਜਾਣ ਲਈ ਉਨ੍ਹਾਂ ਦੀ ਬੁਕਿੰਗ ਨਹੀਂ ਹੋ ਰਹੀ।
ਇੱਕ ਹੋਰ ਰੇਹੜੀ ਸਵਾਰ ਰਾਜੂ ਨੇ ਦੱਸਿਆ ਕਿ ਉਹ ਪੰਜਾਬ ਦੇ ਬਟਾਲਾ ਸ਼ਹਿਰ 'ਚ 15 ਸਾਲ ਤੋਂ ਗੋਲਗੱਪੇ ਦੀ ਰੇਹੜੀ ਲਗਾਉਂਦੇ ਸਨ। ਪਰ ਲੌਕਡਾਊਨ ਕਾਰਨ ਕੰਮਕਾਰ ਬੰਦ ਹੋ ਗਿਆ, ਜਿਸ ਕਾਰਨ ਹੁਣ ਉਨ੍ਹਾਂ ਕੋਲ ਕੋਈ ਪੈਸੇ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਰਾਸ਼ਨ ਨਾ ਹੋਣ ਕਾਰਨ ਇੱਥੋਂ ਟੋਟਲ 21 ਲੋਕ ਵਾਪਸ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 4 ਦਿਨ ਪਹਿਲਾਂ ਉਹ ਬਟਾਲਾ ਤੋਂ ਚੱਲੇ ਸੀ ਅਤੇ ਰਸਤੇ 'ਚ ਵੀ ਉਹ ਰੁਕ ਕੇ ਚਲ ਰਹੇ ਹਨ। ਸਮਾਜਕ ਦੂਰੀ ਬਾਰੇ ਪੁੱਛਣ 'ਤੇ ਉਨਾਂ ਕਿਹਾ ਕਿ ਉਹ ਘਰ 'ਚ ਵੀ ਇਕੱਠੇ ਹੀ ਰਹਿੰਦੇ ਹਨ।