ਲੁਧਿਆਣਾ: ਇਕ ਪਾਸੇ ਜਿੱਥੇ ਦਿੱਲੀ ਦੇ ਆਨੰਦ ਵਿਹਾਰ ਬੱਸ ਸਟੈਂਡ ਵਿਖੇ ਵੱਡੀ ਤਦਾਦ ਚ ਮਜ਼ਦੂਰ ਇਕੱਠੇ ਹੋ ਕੇ ਆਪੋ ਆਪਣੇ ਪਿੰਡਾਂ ਵੱਲ ਜਾਣ ਲਈ ਸਾਧਨ ਦੀ ਤਲਾਸ਼ ਕਰ ਰਹੀ ਹਨ, ਉਥੇ ਹੀ ਹੁਣ ਉੱਤਰ ਭਾਰਤ ਦੇ ਵੱਖ ਵੱਖ ਹਿੱਸਿਆਂ 'ਚ ਕੰਮ ਕਰਨ ਵਾਲੇ ਮਜ਼ਦੂਰ ਵੀ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਆਪਣੇ ਪਿੰਡਾਂ ਵੱਲ ਜਾਣ ਲਈ ਕਾਹਲੇ ਪੈ ਰਹੇ ਹਨ ਅਤੇ ਪੈਦਲ ਹੀ ਦਿੱਲੀ ਵੱਲ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਦਿੱਲੀ ਤੋਂ ਉਨ੍ਹਾਂ ਨੂੰ ਆਪਣੇ ਪਿੰਡਾਂ 'ਚ ਜਾਣ ਦਾ ਕੋਈ ਨਾ ਕੋਈ ਸਾਧਨ ਮਿਲ ਜਾਵੇਗਾ। ਲੁਧਿਆਣਾ ਸਨਅਤੀ ਸ਼ਹਿਰ ਹੈ ਜਿਸ ਕਰਕੇ ਵੱਡੀ ਤਦਾਦ ਚ ਮਜ਼ਦੂਰ ਫੈਕਟਰੀਆਂ 'ਚ ਕੰਮ ਕਰਦੇ ਹਨ ਅਤੇ ਹੁਣ ਉਹ ਲਾਕਡਾਊਨ ਦੇ ਚੱਲਦਿਆਂ ਆਪਣੇ ਪਿੰਡਾਂ ਵੱਲ ਜਾਣਾ ਚਾਹੁੰਦੇ ਹਨ।
ਸਾਡੀ ਟੀਮ ਨੇ ਜਦੋਂ ਇਨ੍ਹਾਂ ਮਜ਼ਦੂਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਲੌਕਡਾਊਨ ਵਧਾਏ ਜਾਣ ਦੀ ਸੰਭਾਵਨਾ ਹੈ ਜਿਸ ਕਰਕੇ ਉਹ ਹੁਣ ਇੰਨੀ ਦੇਰ ਤੱਕ ਲੁਧਿਆਣਾ ਵਿੱਚ ਜਾਂ ਆਪਣੇ ਘਰਾਂ ਤੋਂ ਦੂਰ ਨਹੀਂ ਰਹਿ ਸਕਦੇ। ਇਸ ਕਰਕੇ ਉਹ ਆਪਣੇ ਪਿੰਡਾਂ ਵਿੱਚ ਜਾਣਾ ਹੀ ਮੁਨਾਸਿਬ ਸਮਝ ਰਹੇ ਹਨ।
ਲੁਧਿਆਣਾ ਤੋਂ ਮਜ਼ਦੂਰਾਂ ਦਾ ਪਲਾਇਨ ਜਾਰੀ - situation during curfer
ਲੁਧਿਆਣਾ ਦੇ ਉਦਯੋਗਾਂ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਪਲਾਇਨ ਲਗਾਤਾਰ ਜਾਰੀ ਹੈ। ਕਰਫਿਊ ਕਾਰਨ ਉਦਯੋਗ ਬੰਦ ਪਏ ਹਨ ਜਿਸ ਕਾਰਨ ਮਜ਼ਦੂਰ ਆਪਣੇ ਘਰ ਜਾਣਾ ਹੀ ਬਿਹਤਰ ਸਮਝ ਰਹੇ ਹਨ।
ਹਾਲਾਂਕਿ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਜੋ ਲੋਕ ਕਿਰਾਏ ਤੇ ਰਹਿੰਦੇ ਹਨ। ਉਨ੍ਹਾਂ ਤੋਂ ਮਕਾਨ ਮਾਲਕ ਇੱਕ ਮਹੀਨੇ ਤੱਕ ਦਾ ਕਿਰਾਇਆ ਨਹੀਂ ਮੰਗਣਗੇ ਪਰ ਇਸਦੇ ਬਾਵਜੂਦ ਲੋਕ ਮਕਾਨ ਛੱਡ ਕੇ ਆਪਣੇ ਪਿੰਡਾਂ ਵੱਲ ਜਾਣਾ ਹੀ ਬਿਹਤਰ ਸਮਝ ਰਹੇ ਹਨ। ਨੌਜਵਾਨ ਮਜ਼ਦੂਰਾਂ ਨੇ ਦੱਸਿਆ ਕਿ ਉਹ ਬੁਲੰਦਸ਼ਹਿਰ ਦੇ ਰਹਿਣ ਵਾਲੇ ਹਨ ਅਤੇ ਦਿੱਲੀ ਰਾਹੀਂ ਉਹ ਆਪਣੇ ਪਿੰਡ ਜਾਣਾ ਚਾਹੁੰਦੇ ਹਨ।
ਉਨ੍ਹਾਂ ਨੇ ਦੱਸਿਆ ਕਿ ਇੱਥੇ ਉਨ੍ਹਾਂ ਨੂੰ ਕੋਈ ਬਹੁਤੀ ਪ੍ਰੇਸ਼ਾਨੀ ਨਹੀਂ ਪਰ ਇੰਨੇ ਲੰਮੇ ਸਮੇਂ ਤੱਕ ਉਹ ਆਪਣੇ ਘਰਾਂ ਤੋਂ ਦੂਰ ਨਹੀਂ ਰਹਿਣਾ ਚਾਹੁੰਦੇ। ਖ਼ਾਸਕਰ ਜੇ ਵਿਹਲੇ ਹੀ ਰਹਿਣਾ ਹੈ ਤਾਂ ਉਹ ਆਪਣੇ ਪਰਿਵਾਰਾਂ ਨਾਲ ਰਹਿਣਾ ਚਾਹੁਣਗੇ।