ਮਿਡ-ਡੇ-ਮੀਲ ਵਰਕਰਾਂ ਵੱਲੋਂ ਤਨਖਾਹਾਂ ਵਧਾਉਣ ਦੀ ਅਪੀਲ ਲੁਧਿਆਣਾ:ਮਿਡ-ਡੇ-ਮੀਲ ਵਰਕਰ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਪੌਸ਼ਟਿਕ ਖਾਣਾ ਖੁਆਉਣ ਲਈ ਜੀ ਤੋੜ ਮਿਹਨਤ ਕਰਦੇ ਹਨ, ਪਰ ਇਨ੍ਹਾਂ ਨੂੰ ਬਦਲੇ ਦੇ ਵਿੱਚ ਪ੍ਰਤੀ ਮਹੀਨਾ ਮਹਿਜ਼ ਤਿੰਨ ਹਜ਼ਾਰ ਰੁਪਏ ਤਨਖਾਹ ਦਿੱਤੀ ਜਾਂਦੀ ਹੈ। ਮਹਿੰਗਾਈ ਦੇ ਯੁੱਗ ਵਿਚ ਇੰਨੀ ਘੱਟ ਤਨਖਾਹ ਦੇ ਵਿੱਚ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੈ, ਜਦਕਿ ਇਹ ਵਰਕਰ ਸਾਰਾ ਦਿਨ ਕੰਮ ਉਤੇ ਲੱਗੇ ਰਹਿੰਦੇ ਹਨ।
ਸਿੱਖਿਆ ਵਿਭਾਗ ਤੇ ਸਰਕਾਰ ਨੂੰ ਅਪੀਲ :ਅੱਜ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਨੂੰ ਇਨ੍ਹਾਂ ਮਿਡ-ਡੇ-ਮੀਲ ਵਰਕਰਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਉਨ੍ਹਾਂ ਦੀਆਂ ਤਨਖਾਹ ਵਧਾਈ ਜਾਵੇ। ਸਕੂਲ ਵਿੱਚ ਉਨ੍ਹਾਂ ਤੋਂ ਹੋਰ ਕੰਮ ਵਾਧੂ ਨਾ ਲਿਆ ਜਾਵੇ। ਸਾਲ ਵਿੱਚ ਦੋ ਵਾਰ ਤਰੱਕੀਆਂ ਦਿੱਤੀਆਂ ਜਾਣ। ਕੰਮ ਪੂਰਾ ਹੋਣ ਉਤੇ ਸਕੂਲ ਬਿਠਾਉਣ ਦੀ ਥਾਂ ਛੁੱਟੀ ਦਿੱਤੀ ਜਾਵੇ। ਜਣੇਪੇ ਦੀ ਛੁੱਟੀ ਦਿੱਤੀ ਜਾਵੇ, ਇਸ ਤੋਂ ਇਲਾਵਾ ਮਿਡ-ਡੇ-ਮੀਲ ਕੁੱਕ ਅਤੇ ਵਰਕਰਾਂ ਦਾ ਈਐਸਆਈ ਕਾਰਡ ਵੀ ਬਣਾਇਆ ਜਾਵੇ। ਅੱਜ ਲੁਧਿਆਣਾ ਵਿੱਚ ਮਿਡ-ਡੇ-ਵਰਕਰਾਂ ਵੱਲੋਂ ਸਿੱਖਿਆ ਵਿਭਾਗ ਦੇ ਡਿਪਟੀ ਸਿੱਖਿਆ ਅਫਸਰ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਆਪਣੀ ਮੰਗ ਸਰਕਾਰ ਤੱਕ ਪਹੁੰਚਾਉਣ ਦੀ ਬੇਨਤੀ ਕੀਤੀ ਗਈ।
ਵਰਕਰਾਂ ਦੀਆਂ ਮੰਗਾਂ :ਇਸ ਮੌਕੇ ਮਿਡ-ਡੇ-ਮੀਲ ਵਰਕਰਾਂ ਨੇ ਕਿਹਾ ਕਿ ਇੱਕ ਪਾਸੇ ਜਿੱਥੇ ਦੇਸ਼ ਦੇ ਵਿੱਚ ਮਹਿੰਗਾਈ ਲਗਾਤਾਰ ਵੱਧਦੀ ਜਾ ਰਹੀ ਹੈ, ਉੱਥੇ ਹੀ ਸਾਨੂੰ ਨਾਮਾਤਰ ਤਨਖਾਹ ਵਿਚ ਘਰ ਦੇ ਗੁਜ਼ਾਰੇ ਚਲਾਉਣੇ ਪੈਂਦੇ ਹਨ। ਵਰਕਰਾਂ ਨੇ ਕਿਹਾ ਕਿ ਕੁੱਕ ਦੀ ਪੋਸਟ ਦੇਣ ਸਮੇਂ ਨਰਸਰੀ ਦੇ ਬੱਚਿਆਂ ਦੀ ਗਿਣਤੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਚੌਥੀ ਪੋਸਟ 100 ਬੱਚਿਆਂ ਦੀ ਥਾਂ 50 ਬੱਚਿਆਂ ਪਿੱਛੇ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਘੱਟੋ ਘੱਟ 10 ਹਜ਼ਾਰ ਰੁਪਏ ਤਨਖਾਹ ਕੀਤੀ ਜਾਵੇ, ਪਾਰਟ ਟਾਇਮ ਮੁਲਾਜ਼ਮਾਂ ਦੀ ਤਰ੍ਹਾਂ ਮਿਡਡੇ ਮਿਲ ਵਰਕਰਾਂ ਨੂੰ ਵੀ 10 ਸਾਲ ਦੀ ਸੇਵਾ ਤੋਂ ਬਾਅਦ ਪਕਾ ਕੀਤਾ ਜਾਵੇ।
ਵਰਕਰਾਂ ਦੀ ਗੱਲ ਸਰਕਾਰ ਤਕ ਪਹੁੰਚਾਉਣ ਦਾ ਵਾਅਦਾ :ਲੁਧਿਆਣਾ ਦੇ ਡਿਪਟੀ ਸਿੱਖਿਆ ਅਫ਼ਸਰ ਵੱਲੋਂ ਮਿਡ ਡੇ ਮੀਲ ਵਰਕਰਾਂ ਦੀ ਗੱਲਬਾਤ ਸੁਣੀ ਗਈ ਅਤੇ ਉਨ੍ਹਾਂ ਤੋਂ ਮੰਗ ਪੱਤਰ ਲਿਆ। ਨਾਲ ਹੀ ਸਰਕਾਰ ਤੱਕ ਗੱਲ ਪਹੁੰਚਾਉਣ ਦਾ ਵਾਅਦਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਸਬੰਧੀ ਗ਼ੌਰ ਫ਼ਰਮਾਈ ਜਾਵੇਗੀ, ਸਿੱਖਿਆ ਅਫ਼ਸਰ ਨੇ ਕਿਹਾ ਕਿ ਇਹਨਾਂ ਦੀਆਂ ਕਈ ਮੰਗਾਂ ਜਾਇਜ਼ ਹਨ, ਇਸ ਸਬੰਧੀ ਵਿਭਾਗ ਵੱਲੋਂ ਪਹਿਲਾਂ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਲਾਗੂ ਕਰ ਦਿੱਤਾ ਜਾਵੇਗਾ।