ਲੁਧਿਆਣਾ: ਸੰਨ 1952 ਵਿੱਚ ਭਾਰਤ ਸਰਕਾਰ ਵੱਲੋਂ ਫੈਮਿਲੀ ਪਲਾਨਿੰਗ ਸਕੀਮ ਸ਼ੁਰੂ ਕੀਤੀ ਗਈ ਸੀ ਜਿਸ ਦੇ ਤਹਿਤ ਸਰਕਾਰੀ ਹਸਪਤਾਲਾਂ ਵਿੱਚ ਮਹਿਲਾਵਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ। ਆਓ ਜਾਣਦੇ ਹਾਂ ਲੁਧਿਆਣਾ ਦੇ ਹਸਪਤਾਲ ਦੀ ਸੀਨੀਅਰ ਮੈਡੀਕਲ ਅਫ਼ਸਰ ਮਾਲਵਿੰਦਰ ਮਾਲਾ ਦਾ ਇਸ ਬਾਬਤ ਕੀ ਕਹਿਣਾ ਹੈ:
ਕੀ ਹੈ ਫ਼ੈਮਲੀ ਪਲੈਨਿੰਗ ਯੋਜਨਾ?
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬੱਚਾ ਪੈਦਾ ਕਰਨ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ ਕਿ ਉਹ ਇੱਛਾ ਨਾਲ ਨਹੀਂ ਸਗੋਂ ਸਹੀ ਫ਼ੈਸਲਾ ਲੈ ਕੇ ਹੀ ਮਾਪੇ ਬਣ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਮਾਪਿਆਂ ਨੂੰ ਇੱਕ ਜਾਂ ਦੋ ਬੱਚੇ ਪੈਦਾ ਕਰਨ ਲਈ ਹੀ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਮਹਿਲਾਵਾਂ ਨੂੰ ਅਸਥਾਈ ਤੌਰ ਸਬੰਧੀ ਜਾਗਰੂਕ ਕਰਨ ਦੇ ਲਈ ਮਾਲਾ-ਡੀ ਵਰਗੀ ਖ਼ੁਰਾਕ ਵੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਬੱਚਿਆਂ ਵਿੱਚ ਗੈਪ ਪਾਉਣ ਲਈ ਵੀ ਕਿਹਾ ਜਾਂਦਾ ਹੈ ਅਤੇ ਇੰਜੈਕਸ਼ਨ ਵੀ ਲਵਾਏ ਜਾਂਦੇ ਹਨ।
ਫੈਮਿਲੀ ਪਲੈਨਿੰਗ ਦੇ ਕਿੰਨੇ ਢੰਗ ਹਨ?
ਡਾਕਟਰ ਮਾਲਾ ਨੇ ਦੱਸਿਆ ਕਿ ਔਰਤਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੱਸਿਆ ਕਿ ਫੈਮਿਲੀ ਪਲਾਨਿੰਗ ਦੋ ਢੰਗ ਨਾਲ ਹੁੰਦੀ ਹੈ; ਇੱਕ ਪੱਕੇ ਤੌਰ ਉੱਤੇ ਹੁੰਦੀ ਹੈ ਅਤੇ ਇੱਕ ਅਸਥਾਈ ਤੌਰ ਉੱਤੇ। ਉਨ੍ਹਾਂ ਦੱਸਿਆ ਕਿ ਇਸ ਵਿਚ ਪੁਰਸ਼ ਸ਼ਮੂਲੀਅਤ ਨਹੀਂ ਕਰਦੇ ਅਤੇ ਉਨ੍ਹਾਂ ਨੂੰ ਜਾਗਰੂਕ ਕਰਨਾ ਬੇਹੱਦ ਜ਼ਰੂਰੀ ਹੈ।
2020 ਵਿੱਚ ਕਿੰਨੀਆਂ ਔਰਤਾਂ ਦੀ ਹੋਈ ਨਸਬੰਦੀ?
ਫ਼ੈਮਲੀ ਪਲੈਨਿੰਗ ਯੋਜਨਾ ਬਾਰੇ ਗੱਲਬਾਤ ਕਰਦਿਆਂ ਡਾਕਟਰ ਨੇ ਦੱਸਿਆ ਕਿ ਅਪ੍ਰੈਲ ਤੋਂ ਲੈ ਕੇ ਹੁਣ ਤੱਕ 158 ਮਹਿਲਾਵਾਂ ਨਸਬੰਦੀ ਕਰਵਾ ਚੁੱਕੀਆਂ ਹਨ ਅਤੇ ਹੁਣ ਸਿਹਤ ਮਹਿਕਮੇ ਵੱਲੋਂ ਪੰਦਰਵਾੜਾ ਮਨਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਗਰਭਵਤੀ ਮਹਿਲਾਵਾਂ ਦੇ ਨਾਲ-ਨਾਲ ਪੁਰਸ਼ਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ।
ਡਲਿਵਰੀ ਦੌਰਾਨ ਔਰਤਾਂ ਦੀ ਮੌਤ ਦਰ ਕਿੰਨੀ ਹੈ?
ਐੱਸ.ਐੱਮ.ਓ ਮਾਲਵਿੰਦਰ ਮਾਲਾ ਨੇ ਦੱਸਿਆ ਕਿ ਸਾਡੇ ਦੇਸ਼ ਵਿੱਚ ਅੱਜ ਵੀ ਇੱਕ ਲੱਖ ਗਰਭਵਤੀ ਮਹਿਲਾਵਾਂ ਦੀ ਡਲਿਵਰੀ ਦੌਰਾਨ 200 ਤੋਂ 250 ਮਹਿਲਾਵਾਂ ਦੀ ਮੌਤ ਹੋ ਜਾਂਦੀ ਹੈ ਅਤੇ ਇਸ ਦਰ ਨੂੰ ਘਟਾਉਣ ਲਈ ਲਗਾਤਾਰ ਸਰਕਾਰ ਵੱਲੋਂ ਸਿਹਤ ਮਹਿਕਮੇ ਵੱਲੋਂ ਉਪਰਾਲੇ ਕੀਤੇ ਜਾ ਰਹੇ।
ਪੁਰਸ਼ ਅਜਿਹੀ ਯੋਜਨਾ ਵਿੱਚ ਲੈਂਦੇ ਹਨ ਘੱਟ ਰੁੱਚੀ
ਡਾਕਟਰ ਮਾਲਾ ਦਾ ਕਹਿਣਾ ਹੈ ਕਿ ਜਦੋਂ ਫੈਮਿਲੀ ਪਲੈਨਿੰਗ ਵਾਸਤੇ ਮਾਪਿਆਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਪੁਰਸ਼ ਇਸ ਵਿੱਚ ਘੱਟ ਰੁੱਚੀ ਲੈਂਦੇ ਹਨ, ਕਿਉਂਕਿ ਇਹ ਇੱਕ ਮਰਦ ਪ੍ਰਧਾਨ ਸਮਾਜ ਵੀ ਹੈ। ਜਦਕਿ ਮਹਿਲਾਵਾਂ ਦੇ ਜੋ ਪੱਕੇ ਤੌਰ ਉੱਤੇ ਆਪ੍ਰੇਸ਼ਨ ਹੁੰਦੇ ਹਨ, ਉਹ ਕਾਫ਼ੀ ਵੱਡੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਸਮਾਂ ਵੀ ਜ਼ਿਆਦਾ ਲੱਗ ਜਾਂਦਾ ਹੈ। ਇਸ ਦੇ ਉੱਲਟ ਮਰਦਾਂ ਦੀ ਸਿਰਫ਼ ਨਸਬੰਦੀ ਹੀ ਕੀਤੀ ਜਾਂਦੀ ਹੈ, ਉਹ ਵੀ ਬਹੁਤ ਹੀ ਸੌਖੀ ਅਤੇ ਚੀਰਾ-ਰਹਿਤ ਹੁੰਦੀ ਹੈ, ਇਸ ਦੇ ਬਾਵਜੂਦ ਵੀ ਮਰਦ ਇਸ ਦਾ ਹਿੱਸਾ ਬਣਨ ਦੇ ਲਈ ਤਿਆਰ ਨਹੀਂ ਹੁੰਦੇ।