ਲੁਧਿਆਣਾ:ਲੁਧਿਆਣਾ ਦੇ ਵਿੱਚ ਕੈਬਨਿਟ ਦੀ ਮੀਟਿੰਗ ਹੋਈ ਜਿਸ ਤੋਂ ਬਾਅਦ ਆਪਣੀਆਂ ਮੰਗਾਂ ਨੂੰ ਲੈ ਕੇ ਵੱਖ-ਵੱਖ ਧਿਰਾਂ ਵੱਲੋਂ ਸਰਕਾਰ ਨੂੰ ਘੇਰਿਆ ਗਿਆ। ਮ੍ਰਿਤਕ ਆਸਰਾ ਕਮੇਟੀ ਵੱਲੋਂ ਸ਼ੁੱਕਰਵਾਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੋਂ ਮਿਲਣ ਦਾ ਸਮਾਂ ਮੰਗਿਆ ਸੀ ਪਰ ਉਹਨਾਂ ਨੂੰ ਸਮਾਂ ਨਹੀਂ ਮਿਲਿਆ। ਜਿਸ ਤੋਂ ਬਾਅਦ ਉਹ ਸੜਕ 'ਤੇ ਹੀ ਆਪਣਾ ਮੰਗ ਪੱਤਰ ਲੈ ਕੇ ਖੜੇ ਹੋ ਗਏ। ਜਿਸ ਤੋਂ ਬਾਅਦ ਮੌਕੇ 'ਤੇ ਮੁੱਖ ਮੰਤਰੀ ਤਾਂ ਨਹੀਂ ਮਿਲੇ ਪਰ ਕੈਬਨਿਟ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਵੱਲੋਂ ਕਮੇਟੀ ਨੂੰ ਭਰੋਸਾ ਦਿੱਤਾ ਗਿਆ ਕਿ ਸਬੰਧਤ ਮਹਿਕਮੇ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਮਸਲਾ ਜਰੂਰ ਹੱਲ ਕੀਤਾ ਜਾਵੇਗਾ।
ਮੰਗ ਪੱਤਰ ਲੈ ਦਿਵਾਇਆ ਭਰੋਸਾ: ਇਸ ਦੌਰਾਨ ਕਮੇਟੀ ਦੇ ਆਗੂਆਂ ਅਤੇ ਲੜਕੀਆਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਇਹ ਫੈਸਲਾ ਕੀਤਾ ਗਿਆ ਸੀ ਕਿ ਜਿਨ੍ਹਾਂ ਦਾ ਕੋਈ ਵੀ ਮੈਂਬਰ ਬਿਜਲੀ ਮਹਿਕਮੇ ਵਿੱਚ ਮਰ ਜਾਂਦਾ ਹੈ ਤਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦਿੱਤੀ ਜਾਂਦੀ ਸੀ ਪਰ ਪਿਛਲੀਆਂ ਸਰਕਾਰਾਂ ਵੱਲੋਂ ਇਹਨਾਂ ਨਿਯਮਾਂ ਦੇ ਵਿੱਚ ਤਬਦੀਲੀ ਕਰ ਦਿੱਤੀ ਗਈ। ਇਹ ਫੈਸਲਾ ਲਿਆ ਗਿਆ ਕਿ ਸਿਰਫ਼ ਅਣਵਿਆਹੀਆਂ ਲੜਕੀਆਂ ਨੂੰ ਹੀ ਨੌਕਰੀ ਦਿੱਤੀ ਜਾਵੇਗੀ। ਵਿਆਹੁਤਾ ਨੂੰ ਨੌਕਰੀ ਦੇਣ ਦੀ ਤਜਵੀਜ਼ ਨਹੀਂ ਰੱਖੀ ਗਈ। ਜਿਸ ਕਰਕੇ ਉਨ੍ਹਾਂ ਨੂੰ ਨੌਕਰੀ ਨਹੀਂ ਦਿੱਤੀ ਜਾ ਰਹੀ ਹੈ, ਜਿਸ ਦਾ ਉਨ੍ਹਾਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ ਅਤੇ ਇਸ ਸਬੰਧੀ ਹੀ ਉਹ ਮੁੱਖ ਮੰਤਰੀ ਨੂੰ ਮਿਲਣ ਲਈ ਪਹੁੰਚੇ ਸਨ।