ਲੁਧਿਆਣਾ:ਮੇਰਠ ਦੇ ਰਹਿਣ ਵਾਲੇ ਤਲਵਾੜ ਜੋੜੇ ਵੱਲੋਂ ਆਬਾਦੀ ਨੂੰ ਕੰਟਰੋਲ ਕਰਨ ਲਈ ਅਨੋਖੇ ਤਰੀਕੇ ਨਾਲ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਦੋਵੇਂ ਪਤੀ-ਪਤਨੀ ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਉਲਟਾ ਘੁੰਮ ਰਹੇ ਹਨ ਤਾਂ ਜੋ ਲੋਕਾਂ ਨੂੰ ਇਹ ਸਮਝਾਇਆ ਜਾ ਸਕੇ ਕਿ ਆਬਾਦੀ ਨੂੰ ਕੰਟਰੋਲ ਕਰਨਾ ਕਿੰਨਾਂ ਜਰੂਰੀ ਹੈ। ਦੋਵੇਂ ਪਤੀ ਪਤਨੀ ਅਨੁਸਾਰ ਆਜ਼ਾਦੀ ਦੇ ਸਮੇਂ ਸਾਡੇ ਦੇਸ਼ ਦੀ ਆਬਾਦੀ 33 ਕਰੋੜ ਦੇ ਕਰੀਬ ਸੀ, ਜੋ ਹੁਣ ਵੱਧ ਕੇ 150 ਕਰੋੜ ਦੇ ਕਰੀਬ ਹੋਣ ਜਾ ਰਹੀ ਹੈ। ਅਜਿਹੇ 'ਚ ਸਰੋਤ ਬਹੁਤ ਸੀਮਤ ਹਨ, ਪਾਣੀ ਤੋਂ ਇਲਾਵਾ ਹੋਰ ਸਾਧਨ ਵੀ ਘੱਟ ਹਨ। ਇਸੇ ਲਈ ਉਨ੍ਹਾਂ ਵੱਲੋਂ ਲੋਕਾਂ ਵਿੱਚ ਇਹ ਜਾਗਰੂਕਤਾ ਫੈਲਾਈ ਜਾ ਰਹੀ ਹੈ ਕਿ ਆਬਾਦੀ ਨੂੰ ਕੰਟਰੋਲ ਕੀਤਾ ਜਾਣਾ ਚਾਹੀਦਾ ਹੈ।
ਪਤੀ ਪਤਨੀ ਦਾ ਅਨੋਖਾ ਪ੍ਰਦਰਸ਼ਨ :ਦੋਵੇਂ ਪਤੀ ਪਤਨੀ ਮੁਤਾਬਿਕ ਸਰਕਾਰਾਂ ਨੂੰ ਵੀ ਇਸ ਦੀ ਕੋਈ ਚਿੰਤਾ ਨਹੀਂ ਹੈ। ਉਹ ਪਿਛਲੇ 30 ਸਾਲਾਂ ਤੋਂ ਇਸ 'ਤੇ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀਆਂ ਨੂੰ ਮਿਲਣ ਲਈ ਬਹੁਤ ਕੋਸ਼ਿਸਾਂ ਕੀਤੀਆਂ ਹਨ ਪਰ ਅਜੇ ਤੱਕ ਉਨ੍ਹਾਂ ਨੂੰ ਪ੍ਰਧਾਨਮੰਤਰੀ ਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ। ਕਿਸੇ ਵੀ ਪ੍ਰਧਾਨਮੰਤਰੀ ਨੇ ਉਨ੍ਹਾਂ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ। ਉਨ੍ਹਾਂ ਦੱਸਿਆ ਕਿ ਉਹ ਜੰਤਰ ਮੰਤਰ 'ਤੇ ਵੀ ਬਹੁਤ ਵਾਰ ਪ੍ਰਦਰਸ਼ਨ ਕਰ ਚੁੱਕੇ ਹਨ। ਪਰ ਅਜੇ ਤੱਕ ਉਨ੍ਹਾਂ ਦੀ ਕਿਸੇ ਨੇ ਨਹੀਂ ਸੁਣੀ। ਇਸੇ ਲਈ ਉਹ ਖੁਦ ਇਹ ਪਹਿਲ ਕਰਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ।