ਲੁਧਿਆਣਾ: ਕੋਰੋਨਾ ਵਾਇਰਸ ਕਾਰਨ ਜਿੱਥੇ ਪੰਜਾਬ ਭਰ ਵਿੱਚ ਕਰਫ਼ਿਊ ਲਾਗੂ ਹੈ, ਉੱਥੇ ਹੀ ਪ੍ਰਸ਼ਾਸਨ ਵੱਲੋਂ ਲਗਾਤਾਰ ਗਰੀਬਾਂ ਦੀ ਮਦਦ ਅਤੇ ਸਿਹਤ ਸਹੂਲਤਾਂ ਮੁਹੱਇਆ ਕਰਵਾਉਣ ਦੇ ਕੀਤੇ ਗਏ ਦਾਅਵੇ ਫੋਕੇ ਨਜਰ ਆ ਰਹੇ ਹਨ। ਇਨ੍ਹਾਂ ਦਾਅਵਿਆਂ ਦੀ ਪੋਲ ਉਦੋਂ ਨਿਕਲ ਗਈ ਜਦੋਂ ਇੱਕ ਵਿਅਕਤੀ ਆਪਣੀ ਪਤਨੀ ਨੂੰ ਸਾਈਕਲ 'ਤੇ ਬਿਠਾ ਕੇ ਅਤੇ ਉਸ ਦੀ ਟੁਟੀ ਹੋਈ ਲੱਤ ਨੂੰ ਸਾਇਕਲ ਨਾਲ ਹੀ ਬੰਨ੍ਹ ਕੇ 12 ਕਿਲੋਮੀਟਰ ਦੂਰ ਆਪਣੇ ਪਿੰਡ ਕੰਗਨਵਾਲ ਲੈ ਜਾ ਰਿਹਾ ਸੀ।
ਲੁਧਿਆਣਾ: ਐਂਬੁਲੈਂਸ ਨਾ ਮਿਲਣ 'ਤੇ ਜ਼ਖ਼ਮੀ ਪਤਨੀ ਨੂੰ ਸਾਈਕਲ 'ਤੇ ਲੈ ਗਿਆ ਘਰ - covid 19
ਕੋਰੋਨਾ ਵਾਇਰਸ ਕਾਰਨ ਲੋਕ ਆਪਣੇ ਘਰਾਂ ਵਿੱਚ ਰਹਿਣ ਨੂੰ ਮਜਬੂਰ ਹਨ, ਉੱਥੇ ਹੀ ਲੋੜ ਪੈਣ 'ਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੀੜਤ ਮਹਿਲਾ ਦੇ ਪਤੀ ਦੇਵਦੱਤ ਨੇ ਦੱਸਿਆ ਕਿ ਕੋਈ ਸਰਕਾਰੀ ਐਂਬੂਲੈਂਸ ਨਹੀਂ ਮਿਲ ਰਹੀ ਸੀ, ਜਿਸ ਕਾਰਨ ਉਹ ਆਪਣੀ ਪਤਨੀ ਨੂੰ ਸਾਇਕਲ 'ਤੇ ਲੈਜਾਉਣ ਨੂੰ ਮਜਬੂਰ ਸੀ। ਦੇਵਦੱਤ ਨੇ ਦੱਸਿਆ ਕਿ ਬੀਤੀ 20 ਮਾਰਚ ਨੂੰ ਉਸ ਦੀ ਪਤਨੀ ਦੀ ਲੱਤ ਫੈਕਟਰੀ 'ਚ ਕੰਮ ਕਰਨ ਦੌਰਾਨ ਵਾਪਰੇ ਹਾਦਸੇ 'ਚ ਟੁੱਟ ਗਈ ਸੀ ਅਤੇ ਫੈਕਟਰੀ ਦੀ ਹੀ ਗੱਡੀ ਰਾਹੀਂ ਉਹ ਆਪਣੀ ਪਤਨੀ ਨੂੰ ਲੁਧਿਆਣਾ ਦੇ ਭਾਰਤ ਨਗਰ ਚੌਕ ਸਥਿੱਤ ਈਐੱਸਆਈ ਹਸਪਤਾਲ 'ਚ ਦਾਖ਼ਲ ਕਰਵਾਉਣ ਆਇਆ ਸੀ ਅਤੇ ਅੱਜ ਪਤਨੀ ਦਾ ਪਲੱਸਤਰ ਕਰਨ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ ਪਰ ਜਦੋਂ ਉਸ ਨੇ ਕੰਪਨੀ 'ਚ ਗੱਡੀ ਲਈ ਫੋਨ ਕੀਤਾ ਤਾਂ ਸਾਫ ਮਨ੍ਹਾ ਕਰ ਦਿੱਤਾ ਗਿਆ ਕਿ ਕੋਈ ਵੀ ਡਰਾਈਵਰ ਵਾਇਰਸ ਕਰਕੇ ਕੰਮ ਨਹੀਂ ਕਰ ਰਿਹਾ। ਇਥੋਂ ਤੱਕ ਕਿ ਕੋਈ ਸਰਕਾਰੀ ਐਂਬੂਲੈਂਸ ਵੀ ਨਹੀਂ ਮਿਲ ਰਹੀ ਸੀ ਅਤੇ ਜਦੋਂ ਪ੍ਰਾਈਵੇਟ ਐਂਬੂਲੈਂਸ ਨੂੰ ਪੁੱਛਿਆ ਗਿਆ ਤਾਂ ਉਸ ਵੱਲੋਂ 2000 ਰੁਪਏ ਦੀ ਮੰਗ ਕੀਤੀ ਗਈ, ਪੈਸੇ ਨਾ ਹੋਣ ਕਾਰਨ ਦੇਵਦੱਤ ਨੇ ਆਪਣੀ ਪਤਨੀ ਨੂੰ ਆਪਣੀ ਸਾਈਕਲ 'ਤੇ ਬਿਠਾ ਕੇ ਹੀ ਪਿੰਡ ਜਾਣ ਦਾ ਫ਼ੈਸਲਾ ਕੀਤਾ।
ਇੱਕ ਪਾਸੇ ਜਿੱਥੇ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ 24 ਘੰਟੇ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਦਾਅਵੇ ਕਰ ਰਿਹਾ ਹੈ ਉਥੇ ਹੀ ਇਕ ਗਰੀਬ ਪਰਿਵਾਰ ਆਪਣੇ ਇਲਾਜ ਤੋਂ ਬਾਅਦ ਟੁੱਟੀ ਲੱਤ ਨਾਲ ਸਾਈਕਲ ਤੇ ਖੱਜਲ ਖੁਆਰ ਹੋ ਰਿਹਾ ਹੈ ਅਤੇ ਵੱਡੇ ਵੱਡੇ ਦਾਅਵੇ ਕਰਨ ਵਾਲਾ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਹੈ।