ਲੁਧਿਆਣਾ: ਥਾਣਾ ਡਵੀਜ਼ਨ ਨੰਬਰ 7 ਦੇ ਅਧੀਨ ਪੈਂਦੇ ਗੁਰੂ ਨਾਨਕ ਨਗਰ ਵਿੱਚ ਆਪਸੀ ਰੰਜਿਸ਼ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਬੀਤੀ ਰਾਤ 10-12 ਨੌਜਵਾਨਾਂ ਵੱਲੋਂ ਫ਼ਿਲਮੀ ਸਟਾਈਲ ਵਿੱਚ ਬਲੈਰੋ ਕਾਰ ਉੱਤੇ ਸਵਾਰ ਹੋ ਕੇ ਇੱਕ ਟ੍ਰਾਂਸਪੋਟਰ ਦੇ ਘਰ ਉੱਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸੇ ਦਰਮਿਆਨ ਬਚਾਅ ਕਰਨ ਆਈ ਇੱਕ ਔਰਤ 'ਤੇ ਹਮਲਾਵਰਾਂ ਨੇ ਬਲੈਰੋ ਕਾਰ ਚੜ੍ਹਾ ਦਿੱਤੀ। ਜਿਸ ਦੀ ਹਸਪਤਾਲ ਲੈ ਜਾਂਦੇ ਸਮੇਂ ਮੌਤ ਹੋ ਗਈ।
ਪੁਰਾਣੀ ਰੰਜਿਸ਼ ਦੇ ਚੱਲਦਿਆਂ ਵਿਅਕਤੀ 'ਤੇ ਹਥਿਆਰਾਂ ਨਾਲ ਹਮਲਾ, ਔਰਤ 'ਤੇ ਚੜ੍ਹਾਈ ਬਲੈਰੋ ਗੱਡੀ - woman beheaded under Balero car
ਲੁਧਿਆਣਾ ਵਿਖੇ ਆਪਸੀ ਰੰਜਿਸ਼ ਦੇ ਚੱਲਦਿਆਂ ਨੌਜਵਾਨਾਂ ਨੇ ਹਥਿਆਰਾਂ ਨਾਲ ਹਮਲਾ ਕਰ ਕੇ ਇੱਕ ਵਿਅਕਤੀ ਨੂੰ ਜ਼ਖ਼ਮੀ ਕਰ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਜ਼ਖ਼ਮੀ ਵਿਅਕਤੀ ਦੀ ਰਿਸ਼ਤੇਦਾਰ ਔਰਤ ਨੂੰ ਬਲੈਰੋ ਗੱਡੀ ਦੇ ਹੇਠਾਂ ਦੇ ਕੇ ਮਾਰ ਦਿੱਤਾ।
ਪੀੜਤ ਵਿਅਕਤੀ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਵੀ ਉੱਕਤ ਨੌਜਵਾਨਾਂ ਨੂੰ ਲੈ ਕੇ ਬੱਚਿਆਂ ਦਾ ਝਗੜਾ ਹੋਇਆ ਸੀ, ਪਰ ਉਸ ਝਗੜੇ ਦਾ ਪੁਲਿਸ ਥਾਣੇ ਵਿੱਚ ਸਮਝੌਤਾ ਹੋ ਗਿਆ ਸੀ। ਇਸੇ ਗੱਲ ਦੀ ਰੰਜਿਸ਼ ਰੱਖ ਕੇ ਉੱਕਤ ਨੌਜਵਾਨਾਂ ਨੇ ਬੀਤੀ ਰਾਤ ਹਥਿਆਰਾਂ ਨਾਲ ਉਸ ਦੇ ਘਰ ਉੱਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਇੱਕ ਰਿਸ਼ਤੇਦਾਰ ਔਰਤ ਉੱਤੇ ਦੋ ਵਾਰ ਗੱਡੀ ਚੜ੍ਹਾ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ।
ਇਸ ਮਾਮਲੇ ਨੂੰ ਲੈ ਕੇ ਮੌਕੇ ਉੱਤੇ ਪਹੁੰਚੀ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਦੋਸ਼ੀਆਂ ਵਿਰੁੱਧ ਅਲੱਗ-ਅਲੱਗ ਧਾਰਾਵਾਂ ਹੇਠ ਮਾਮਲਾ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇੱਕ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ।